ਕੁਰਾਨ ਸ਼ਰੀਫ਼ ਬੇਅਦਬੀ ਮਾਮਲਾ : ''ਆਪ'' ਵਿਧਾਇਕ ਨਰੇਸ਼ ਯਾਦਵ ਸਮੇਤ 4 ਖ਼ਿਲਾਫ਼ ਦੋਸ਼ ਤੈਅ

06/15/2019 12:00:43 PM

ਸੰਗਰੂਰ (ਵੈੱਬ ਡੈਸਕ) : ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਦਿੱਲੀ ਤੋਂ 'ਆਪ' ਵਿਧਾਇਕ ਨਰੇਸ਼ ਯਾਦਵ ਸਮੇਤ 4 ਦੋਸ਼ੀ ਪੇਸ਼ ਹੋਏ। ਇਸ ਮਾਮਲੇ ਦੀ ਸੁਣਵਾਈ ਸਥਾਨਕ ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ ਅਜੇ ਮਿੱਤਲ ਦੀ ਅਦਾਲਤ ਵਿਚ ਹੋਈ। ਅਦਾਲਤ ਵਲੋਂ ਕੇਸ 'ਚ ਸ਼ਾਮਲ ਚਾਰਾਂ ਖ਼ਿਲਾਫ਼ ਦੋਸ਼ ਤੈਅ ਕਰਕੇ ਅਗਲੀ ਸੁਣਵਾਈ ਤਿੰਨ ਜੁਲਾਈ ਨੂੰ ਤੈਅ ਕੀਤੀ ਗਈ ਹੈ। ਕੇਸ ਵਿਚ ਸ਼ਾਮਲ ਬਾਕੀ ਤਿੰਨ ਹੋਰ ਮੁਲਜ਼ਮਾਂ ਵਿਚ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸ਼ਾਮਲ ਹਨ।

ਪੇਸ਼ੀ ਮਗਰੋਂ ਵਿਧਾਇਕ ਨਰੇਸ਼ ਯਾਦਵ ਵਲੋਂ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਵਲੋਂ ਨਰੇਸ਼ ਯਾਦਵ ਸਣੇ ਚਾਰਾਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ। ਹੁਣ ਕੇਸ ਵਿਚ ਗਵਾਹੀਆਂ ਹੋਣਗੀਆਂ। ਕੇਸ ਦੀ ਅਗਲੀ ਸੁਣਵਾਈ ਤਿੰਨ ਜੁਲਾਈ 'ਤੇ ਪਾ ਦਿੱਤੀ ਗਈ ਹੈ। ਇਸ ਕੇਸ ਵਿਚ ਪੁਲੀਸ ਵੱਲੋਂ ਲਗਾਈ ਦੇਸ਼ ਧ੍ਰੋਹ ਦੀ ਧਾਰਾ ਅਦਾਲਤ ਵਲੋਂ ਪਹਿਲਾਂ ਹੀ ਹਟਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ 25 ਜੂਨ 2016 ਨੂੰ ਮਾਲੇਰਕੋਟਲਾ 'ਚ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਹੋਈ ਸੀ। ਪੁਲਸ ਵੱਲੋਂ ਥਾਣਾ ਸਿਟੀ-1 ਮਾਲੇਰਕੋਟਲਾ 'ਚ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਤੋਂ ਪੁੱਛਗਿੱਛ ਮਗਰੋਂ ਦਿੱਲੀ ਤੋਂ 'ਆਪ' ਵਿਧਾਇਕ ਨਰੇਸ਼ ਯਾਦਵ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਸੀ। ਬਾਅਦ ਵਿਚ ਪੁਲਸ ਵਲੋਂ ਕੇਸ ਵਿਚ ਦੇਸ਼ਧ੍ਰੋਹ ਦੀ ਧਾਰਾ ਲਗਾ ਦਿੱਤੀ ਗਈ ਸੀ, ਜੋ ਅਦਾਲਤ ਨੇ ਹਟਾ ਦਿੱਤੀ।


cherry

Content Editor

Related News