ਅਕਾਲੀ ਦਲ ਦੀ ਭੂਮਿਕਾ ਨਾਲ ਹੀ ਖੇਤੀ ਅਤੇ ਵਪਾਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਗਿਆ  : ਪਰਮਿੰਦਰ ਸਿੰਘ ਢੀਂਡਸਾ

06/11/2020 5:45:04 PM

ਸੰਗਰੂਰ (ਸਿੰਗਲਾ): ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ (ਬਾਦਲ) ਉੱਪਰ ਗੰਭੀਰ ਦੋਸ਼ ਲਾਉਦਿਆਂ ਕਿਹਾ ਕਿ ਖੇਤੀ ਤੇ ਵਪਾਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਣ ਵਾਲੇ ਨਵੇਂ ਆਰਡੀਨੈਸ ਜਾਰੀ ਕਰਨ ਵਿੱਚ ਅਕਾਲੀ ਦਲ (ਬਾਦਲ) ਦੇ ਵੱਡੇ ਆਗੂਆਂ ਦੀ ਵੱਡੀ ਭੂਮਿਕਾ ਹੈ। ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਵੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਇਹ ਆਰਡੀਨੈਂਸ ਪਾਸ ਕਰਨ ਵਾਲੀ ਕੇਂਦਰ ਦੀ ਕੈਬਨਿੰਟ ਮੀਟਿੰਗ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਕਾਇਦਾ ਤੌਰ 'ਤੇ ਮੌਜੂਦ ਸਨ ਅਤੇ  ਉਹਨਾਂ ਨੇ ਬਿਨ੍ਹਾਂ ਕਿਸੇ ਵਿਰੋਧ ਦੇ ਆਰਡੀਂਨੈਂਸਾਂ ਦੀ ਮਨਜੂਰੀ ਲਈ ਹਾਮੀ ਭਰੀ ਹੈ। ਇਸ ਕਰਕੇ ਅਕਾਲੀ ਦਲ (ਬ) ਕਿਸਾਨੀ ਨੂੰ ਬਰਬਾਦੀ ਵੱਲ ਲੈ ਕੇ ਜਾਣ ਦੀਆਂ ਵਧੇਰੇ ਸੰਭਾਵਨਾਵਾਂ ਵਾਲੇ ਆਰਡੀਨੈਂਸਾਂ ਵਿੱਚ ਭਾਈਵਾਲੀ ਹੋਣ ਦੀ ਜਿੰਮੇਵਾਰੀ ਤੋਂ ਨਹੀਂ ਬਚ ਸਕਦਾ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਹੁਣ ਜਦੋਂ ਆਰਡੀਨੈਂਸਾ ਦੀਆਂ ਗੁੱਝੀਆਂ ਗੰਢਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗੀਆਂ ਹਨ ਅਤੇ ਲੋਕਾਂ ਖਾਸ ਕਰਕੇ ਕਿਸਾਨਾਂ ਅੰਦਰ ਵਿਆਪਕ ਤੌਰ 'ਤੇ ਰੋਸ ਦਿਖਾਈ ਦੇਣ ਲੱਗਿਆ ਹੈ ਤਾਂ ਅਕਾਲੀ ਦਲ (ਬ) ਦੇ ਆਗੂ ਸ਼ਬਦਾਬਲੀ ਤੇ ਤੱਥਾਂ ਵਿੱਚ ਹੇਰ-ਫੇਰ ਕਰਕੇ ਲੋਕਾਂ ਨੂੰ  ਗੁੰਮਰਾਹ ਕਰਨ ਵਿੱਚ ਰੁੱਝ ਗਏ ਹਨ ਅਤੇ ਕਈ ਆਗੂ ਖੁੱਲ੍ਹੀ ਮੰਡੀ ਨੂੰ ਅਜੇ ਵੀ ਕਿਸਾਨ ਪੱਖੀ ਹੋਣ ਦੇ ਬਿਆਨ ਦੇ ਰਹੇ ਹਨ। ਹੁਣ ਜਦੋਂ ਕਿਸਾਨ ਸਵਾਲ ਕਰਨ ਲੱਗੇ ਹਨ ਕਿ ਛੋਟਾ ਤੇ ਦਰਮਿਆਨਾ ਕਿਸਾਨ ਹੋਰ ਕਿਹੜੇ ਸੂਬੇ ਵਿੱਚ ਲਿਜਾਕੇ ਝੋਨਾ ਜਾਂ ਕਣਕ ਵੇਚੇਗਾ ਕਿਉਕਿ ਪੰਜਾਬ ਤੇ ਹਰਆਿਣਾ ਨੂੰ ਛੱਡ ਕੇ ਇਨ੍ਹਾਂ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਉੱਤੇ ਕਿਤੇ ਵਿਕਰੀ ਹੀ ਨਹੀਂ ਹੈ। ਸੱਚਾਈ ਇਹ ਹੈ ਕਿ ਬਾਹਰਲੇ ਸੂਬਿਆਂ ਤੋਂ ਤਾਂ ਝੋਨਾ ਪੰਜਾਬ ਦੇ ਖਰੀਦ ਕੇਂਦਰਾਂ ਵਿੱਚ ਆ ਕੇ ਵਿਕਦਾ ਰਿਹਾ ਹੈ।

ਢੀਂਡਸਾ ਨੇ ਕਿਹਾ ਕਿ ਇਹਨਾਂ ਆਰਡੀਨੈਂਸਾਂ ਨੇ ਕੁਝ ਆਗੂਆਂ ਦਾ ਕਿਰਦਾਰ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜੋ ਹਮੇਸ਼ਾਂ ਕਿਸਾਨ ਪੱਖੀ ਹੋਣ ਦੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ ਹਨ। ਉਹਨਾਂ ਕਿਸੇ ਆਗੂ ਦਾ ਨਾਂ ਲਏ ਬਗੈਰ ਕਿਹਾ ਕਿ ਸਿਆਸੀ ਲਾਹਾ ਲੈਣ ਖਾਤਰ ਗੁੰਮਰਾਹਕੁੰਨ ਤੇ ਝੂਠੀ ਬਿਆਨਬਾਜੀ ਕਰਨ ਵਾਲੇ ਆਗੂਆਂ ਦੇ ਅਸਲੀ ਕਿਰਦਾਰ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਢੀਂਡਸਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਡਿਪਟੀ ਕਮਿਸ਼ਨਰਾਂ ਨੂੰ ਦੇਣ ਮੌਕੇ ਅਕਾਲੀ ਵਰਕਰਾਂ,ਕਿਸਾਨਾਂ, ਮਜਦੂਰਾਂ ਤੇ ਛੋਟੇ ਵਪਾਰੀਆਂ ਦੇ ਨੁਮਾਇੰਦਿਆਂ ਦੇ ਦਿੱਤੇ ਭਰਵੇਂ ਹੁੰਗਾਰੇ ਨੇ ਪੰਜਾਬ ਦੀ ਰਾਜਨੀਤੀ ਦੇ ਲੋਕ ਪੱਖੀ ਧਿਰਾਂ ਵੱਲ ਕਰਵਟ ਲੈਣ ਦਾ ਸੰਕੇਤ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਸਿਧਾਂਤਕ ਤੇ ਅਸੂਲਾਂ ਦੀ ਰਾਜਨੀਤੀ ਕਰਨ ਵਾਲੇ ਆਗੂ ਹੀ ਪੰਜਾਬ ਦੇ ਹਿੱਤਾਂ ਦੀ ਠੋਕ ਕੇ ਪੈਰਵੀ ਕਰਨ ਦੇ ਸਮਰੱਥ ਹਨ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਹੱਕਾਂ ਲਈ ਹਕੀਕੀ ਤੌਰ 'ਤੇ ਪੈਰਵੀ ਕਰਨ ਵਾਲੀਆਂ ਧਿਰਾਂ ਕਿਸਾਨਾਂ ਤੇ ਮਜਦੂਰਾਂ ਦੇ ਹੱਕ ਸੁਰੱਖਿਅਤ ਕਰਨ ਲਈ ਸਾਂਝੀ ਮਜਬੂਤ ਲਹਿਰ ਉਸਾਰਨ ਵਿੱਚ ਕਾਮਯਾਬ ਹੋਣਗੀਆਂ।ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ,ਜਥੇ. ਗੁਰਬਚਨ ਸਿੰਘ ਬਚੀ, ਸ਼੍ਰੋਮਣੀ ਕਮੇਟੀ ਮੈਂਬਰ ਜੈਪਾਲ ਸਿੰਘ ਮੰਡੀਆਂ,ਹਰਦੇਵ ਸਿੰਘ ਰੋਗਲਾ,ਮਲਕੀਤ ਸਿੰਘ ਚੰਗਾਲ,ਯੂਥ ਆਗੂ ਅਮਨਵੀਰ ਸਿੰਘ ਚੈਰੀ ਅਤੇ  ਗੁਰਮੀਤ ਸਿੰਘ ਜੌਹਲ ਮੌਜੂਦ ਸਨ।


Shyna

Content Editor

Related News