ਤਾਏ ਨੇ ਰੋਂਦੇ ਹੋਏ ਦੱਸਿਆ 25 ਸਾਲ ਪਹਿਲਾਂ ਪਰਿਵਾਰ ਦੇ ਸੁਪਨੇ ਲੈ ਕੇ ਅਮਰੀਕਾ ਗਿਆ ਸੀ ਸੰਦੀਪ
Sunday, Sep 29, 2019 - 11:55 AM (IST)

ਕਪੂਰਥਲਾ/ਸੁਭਾਨਪੁਰ (ਮਹਾਜਨ, ਸਤਨਾਮ)— ਜ਼ਿਲਾ ਕਪੂਰਥਲਾ ਨਾਲ ਸਬੰੰਧਤ ਪਿੰਡ ਧਾਲੀਵਾਲ ਬੇਟ ਢਿੱਲਵਾਂ ਦੇ ਨੌਜਵਾਨ ਦੀ ਅਮਰੀਕਾ ਦੇ ਟੈਕਸਾਸ ਵਿਖੇ ਹੈਰੀਸਲ ਕਾਉਂਟੀ ਸ਼ਹਿਰ 'ਚ ਡਿਊਟੀ ਦੌਰਾਨ ਕਾਰ ਸਵਾਰਾਂ ਵੱਲੋਂ ਪਿੱਠ 'ਚ ਗੋਲੀ ਮਾਰ ਕੇ ਹੱਤਿਆ ਕਰਨ ਕਰਕੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਸਰਕਾਰ ਵੱਲੋਂ ਸ਼ਾਨਦਾਰ ਸੇਵਾਵਾਂ ਸੰਦੀਪ ਬਦਲੇ ਹੋ ਚੁੱਕਿਆ ਹੈ ਸਨਮਾਨਤ
ਜਾਣਕਾਰੀ ਅਨੁਸਾਰ ਸੰਦੀਪ ਸਿੰਘ ਦੇ ਜੱਦੀ ਪਿੰਡ ਢਿੱਲਵਾਂ ਬਲਾਕ ਦੇ ਧਾਲੀਵਾਲ ਬੇਟ ਵਿਖੇ ਰਹਿ ਰਹੇ ਉਸ ਦੇ ਤਾਇਆ ਕਰਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਸੰਦੀਪ ਸਿੰਘ 25 ਸਾਲ ਪਹਿਲਾਂ ਅਮਰੀਕਾ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਸੁਪਨੇ ਲੈ ਕੇ ਗਿਆ ਸੀ। ਉਥੇ ਸਖਤ ਮਿਹਨਤ ਕਰਨ ਤੋਂ ਬਾਅਦ ਅਮਰੀਕਾ ਵਿਖੇ ਪੜ੍ਹਾਈ ਕਰਕੇ 10 ਸਾਲ ਪਹਿਲਾਂ ਅਮਰੀਕਾ ਦੀ ਪੁਲਸ 'ਚ ਭਰਤੀ ਹੋਇਆ ਸੀ। ਪੁਲਸ 'ਚ ਸ਼ਾਨਦਾਰ ਸੇਵਾਵਾਂ ਕਰਨ ਦੇ ਬਦਲੇ ਸੰਦੀਪ ਨੂੰ ਉਥੇ ਦੀ ਸਰਕਾਰ ਨੇ ਮੈਡਲ ਨਾਲ ਸਨਮਾਨਤ ਵੀ ਕੀਤਾ ਸੀ। ਉਨ੍ਹਾਂ ਦਸਿਆ ਕਿ ਸੰਦੀਪ ਸਿੰਘ ਨੇ ਉਥੇ ਹੀ ਵਿਆਹ ਕਰਵਾਇਆ ਅਤੇ ਉਸ ਦੀਆਂ 2 ਬੇਟੀਆਂ ਸਮੇਤ ਇਕ ਬੇਟਾ ਹੈ। ਸੰਦੀਪ ਸਿੰਘ ਨੇ ਆਪ ਸੈਟਲ ਹੋਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਅਮਰੀਕਾ 'ਚ ਸੈਟਲ ਕੀਤਾ।
4 ਮਹੀਨੇ ਪਹਿਲਾਂ ਪਰਿਵਾਰ ਨੂੰ ਮਿਲ ਕੇ ਵਾਪਸ ਅਮਰੀਕਾ ਗਿਆ ਸੀ ਸੰਦੀਪ
ਕਰਤਾਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਆਪਣੇ ਪਿਤਾ ਪਿਆਰਾ ਸਿੰਘ ਦਾ ਹਰਮਨ ਪਿਆਰਾ ਪੁੱਤਰ ਸੀ ਅਤੇ ਸਾਰਿਆਂ ਦਾ ਹਰਮਨ ਪਿਆਰਾ ਸੀ, ਉਸ ਦੀ ਮੌਤ ਦੀ ਖਬਰ ਸੁਣ ਕੇ ਢਿੱਲਵਾਂ ਖੇਤਰ ਦੇ ਨਾਲ-ਨਾਲ ਪੂਰੇ ਜ਼ਿਲੇ 'ਚ ਲਹਿਰ ਦੌੜ ਗਈ ਹੈ। ਉਥੇ ਸਿੱਖ ਭਾਈਚਾਰੇ ਤੋਂ ਇਲਾਵਾ ਅਮਰੀਕਾ ਵਿਖੇ ਲੋਕਾਂ 'ਚ ਦੁੱਖ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਜੱਦੀ ਘਰ ਵਿਖੇ ਉਨ੍ਹਾਂ ਨਾਲ ਇਲਾਕੇ ਦੇ ਲੋਕ ਦੁੱਖ ਸਾਂਝਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਡਿਪਟੀ ਸੰਦੀਪ ਸਿੰਘ ਵਾਲੀਆ ਕਰੀਬ 4 ਮਹੀਨੇ ਪਹਿਲਾਂ ਹੀ ਆਪਣੇ ਪਿੰਡ ਧਾਲੀਵਾਲ ਬੇਟ 'ਚ ਆਪਣੇ ਪਰਿਵਾਰ ਨਾਲ ਮਿਲ ਕੇ ਵਾਪਸ ਅਮਰੀਕਾ ਗਿਆ ਸੀ।