ਰਾਹੁਲ ਨੂੰ ਮਿਲ ਕੇ ਸਹੋਤਾ ਨੇ ਪੰਜਾਬ ਮਾਮਲਿਆਂ ''ਤੇ ਕੀਤੀ ਚਰਚਾ

Thursday, Aug 30, 2018 - 06:35 AM (IST)

ਜਲੰਧਰ,  (ਧਵਨ)-  ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਓਵਰਸੀਜ਼ ਕਾਂਗਰਸ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਸਹੋਤਾ ਨੇ ਦੇਸ਼ ਦੀ ਸਿਆਸਤ ਦੇ ਨਾਲ ਹੀ ਪੰਜਾਬ ਮਾਮਲਿਆਂ 'ਤੇ ਵੀ ਰਾਹੁਲ ਨਾਲ ਚਰਚਾ ਕੀਤੀ। ਉਨ੍ਹਾਂ ਰਾਹੁਲ ਗਾਂਧੀ ਨੂੰ ਪੰਜਾਬ ਦੇ ਸਿਆਸੀ ਹਾਲਾਤ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਨੇ ਨਸ਼ਿਆਂ 'ਤੇ ਰੋਕ ਲਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਉਨ੍ਹਾਂ ਰਾਹੁਲ ਨੂੰ ਕਿਹਾ ਕਿ ਨਸ਼ਿਆਂ ਦਾ ਮੁੱਦਾ ਪੰਜਾਬ 'ਚ ਆ ਕੇ ਤੁਸੀਂ ਹੀ ਸਭ ਤੋਂ ਪਹਿਲਾਂ ਚੁੱਕਿਆ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਨਸ਼ਾ ਤਾਂ ਘਰ-ਘਰ 'ਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਹੁੰਚ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ 'ਤੇ ਰੋਕ ਲਾਉਣ ਲਈ ਸਖਤ ਕਾਨੂੰਨ ਬਣਾਇਆ ਹੈ।
ਉਨ੍ਹਾਂ ਰਾਹੁਲ ਗਾਂਧੀ ਨੂੰ ਦੱਸਿਆ ਕਿ ਨਸ਼ਾ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਪ੍ਰਸਤਾਵ ਕੇਂਦਰ ਦੀ ਭਾਜਪਾ ਸਰਕਾਰ ਨੂੰ ਭੇਜਿਆ ਗਿਆ, ਹੁਣ ਗੇਂਦ ਭਾਜਪਾ ਸਰਕਾਰ ਦੇ ਪਾਲੇ ਵਿਚ ਹੈ, ਜੇਕਰ ਭਾਜਪਾ ਸਰਕਾਰ ਨਸ਼ਿਆਂ 'ਤੇ ਰੋਕ ਲਾਉਂਦੀ ਹੈ ਤਾਂ ਉਸ ਨੂੰ ਇਸ ਸਬੰਧ 'ਚ ਕੈਪਟਨ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣੀ ਪਵੇਗੀ। ਇਸ ਮੌਕੇ ਮੌਜੂਦ ਕਾਂਗਰਸੀ ਵਿਧਾਇਕ ਡਾ. ਰਾਜ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਰਕਾਰ ਦਲਿਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਪੂਰੇ ਕਦਮ ਚੁੱਕ ਰਹੀ ਹੈ। ਹੁਣ ਦਲਿਤਾਂ 'ਤੇ ਜ਼ੁਲਮ ਨਹੀਂ ਹੋ ਰਹੇ ਜਿਵੇਂ ਕਿ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਹੁੰਦੇ ਸਨ। ਦਲਿਤ ਭਾਈਚਾਰੇ ਨੂੰ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ, ਰਾਖਵੇਂਕਰਨ ਨਾਲ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਗਈ ਹੈ।


Related News