'ਸਾਗਰ ਦੀ ਵਹੁਟੀ' ਵਾਲੇ ਸਾਗਰ ਤੇ ਉਸ ਦੀ 'ਵਹੁਟੀ' ਦੀ ਜ਼ੁਬਾਨੀ ਸੁਣੋ 'Immediately Drivery' ਦੇ ਪਿੱਛੇ ਦੀ ਕਹਾਣੀ

Wednesday, Mar 13, 2024 - 09:16 PM (IST)

'ਸਾਗਰ ਦੀ ਵਹੁਟੀ' ਵਾਲੇ ਸਾਗਰ ਤੇ ਉਸ ਦੀ 'ਵਹੁਟੀ' ਦੀ ਜ਼ੁਬਾਨੀ ਸੁਣੋ 'Immediately Drivery' ਦੇ ਪਿੱਛੇ ਦੀ ਕਹਾਣੀ

ਜਲੰਧਰ (ਵੈੱਬਡੈਸਕ)- ਅੱਜ-ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਬੱਚਾ-ਬੱਚਾ ਇਕ ਪਲੇਟਫਾਰਮ ਨਾਲ ਜੁੜਿਆ ਹੋਇਆ ਹੈ। ਜੇਕਰ ਕੋਈ ਵੀ ਚੀਜ਼ ਮਸ਼ਹੂਰ ਹੁੰਦੀ ਹੈ ਤਾਂ ਉਸ ਦੀ ਸ਼ੁਰੂਆਤ ਹੁਣ ਸੋਸ਼ਲ ਮੀਡੀਆ ਤੋਂ ਹੀ ਹੁੰਦੀ ਹੈ। 

ਇਸੇ ਤਰ੍ਹਾਂ ਅੱਜ-ਕੱਲ ਇਕ ਗੀਤ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਬੱਚੇ-ਬੱਚੇ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵੀ ਇਸ ਗੀਤ ਨੇ ਧੂਮ ਮਚਾਈ ਹੋਈ ਹੈ। ਤੁਸੀਂ ਵੀ ਇਹ ਗੀਤ ਜ਼ਰੂਰ ਸੁਣਿਆ ਹੋਵੇਗਾ, ਇਸ ਦੇ ਬੋਲ ਹਨ- ''ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ...''। ਇਹ ਗੀਤ ਸੁਣ ਕੇ ਹਰ ਕਿਸੇ ਦੇ ਮਨ 'ਚ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਆਖ਼ਿਰ ਇਹ 'ਸਾਗਰ ਦੀ ਵਹੁਟੀ' ਹੈ ਕੌਣ ? ਤਾਂ ਆਓ ਅੱਜ ਤੁਹਾਨੂੰ ਮਿਲਵਾਉਂਦੇ ਹਾਂ ਸਾਗਰ ਤੇ ਉਸ ਦੀ ਵਹੁਟੀ ਨਾਲ।

ਇਸ ਗੀਤ ਦੇ ਗਾਇਕ ਸਤਨਾਮ ਸਾਗਰ ਅਤੇ ਉਨ੍ਹਾਂ ਦੀ ਪਤਨੀ ਤੇ ਗਾਇਕਾ ਸ਼ਰਨਜੀਤ ਸ਼ੰਮੀ ਨੇ 'ਜਗ ਬਾਣੀ' ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਸਤਨਾਮ ਸਾਗਰ ਨੇ ਦੱਸਿਆ ਕਿ ਜਦੋਂ ਉਹ ਸ਼ੁਰੂਆਤ 'ਚ ਗੀਤਕਾਰੀ ਕਰਦੇ ਸਨ, ਗੀਤ ਲਿਖਦੇ ਸਨ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ, ਕਿ ਜੋ ਤੂੰ ਲਿਖਦਾ ਹੈਂ ਉਹ ਕਿਸੇ ਨੇ ਨਹੀਂ ਸੁਣਨਾ। ਇਸ 'ਤੇ ਸਾਗਰ ਜਵਾਬ ਦਿੰਦਿਆਂ ਕਹਿੰਦੇ ਸਨ, ''ਤੁਸੀਂ ਬਸ ਉਡੀਕ ਕਰੋ.. ਮੈਂ ਅੱਜ ਵੀ ਸਟਾਰ ਹਾਂ, ਮੈਂ ਕੱਲ ਵੀ ਸਟਾਰ ਹਾਂ।''

ਇਹ ਵੀ ਪੜ੍ਹੋ- ਹੁਣ ਪਾਕਿਸਤਾਨ ਦੇ ਸਕੂਲਾਂ 'ਚ ਵੀ ਪੜ੍ਹਾਈ ਜਾਵੇਗੀ ਪੰਜਾਬੀ, SGPC ਪ੍ਰਧਾਨ ਧਾਮੀ ਨੇ ਕੀਤਾ ਫ਼ੈਸਲੇ ਦਾ ਸਵਾਗਤ

ਉਨ੍ਹਾਂ ਪੰਜਾਬੀ ਸੰਗੀਤ 'ਚ ਡਿਊਟ (ਦੋਗਾਣਾ) ਗਾਇਕੀ ਨੂੰ ਵੱਡਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸਰੋਤਿਆਂ ਨੇ ਉਨ੍ਹਾਂ ਦੀ ਐਲਬਮ 'ਫੁੱਲਾਂ ਵਾਲੀ ਰਜਾਈ', ਜੋ ਕਿ ਸਾਲ 2005 'ਚ ਰਿਲੀਜ਼ ਹੋਈ ਸੀ, ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਸੀ। ਇੰਨੀ ਦੇਰ ਬਾਅਦ ਹੁਣ ਕਰੀਬ 20 ਸਾਲ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਗੀਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਰਹੇ ਹਨ। ਇਸ ਕਾਰਨ ਉਨ੍ਹਾਂ ਪੰਜਾਬੀ ਸਰੋਤਿਆਂ ਦਾ ਧੰਨਵਾਦ ਕੀਤਾ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਐਲਬਮ ਹਿੱਟ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਗੀਤ ਰੀਲਾਂ ਤੇ ਕੈਸਟਾਂ ਵਾਲੇ ਡੈੱਕ ਸਮੇਂ ਵੀ ਹਿੱਟ ਸਨ ਤੇ ਅੱਜ ਜਦੋਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਹੁਣ ਵੀ ਲੋਕ ਉਨ੍ਹਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ। ਇਸੇ ਪਿਆਰ ਕਾਰਨ ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ''ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ'' ਛਾਇਆ ਪਿਆ ਹੈ। 

''ਸਾਗਰ ਦੀ ਵਹੁਟੀ'' ਗੀਤ ਦੀ ਕਹਾਣੀ ਦੱਸਦਿਆਂ ਸਤਨਾਮ ਸਾਗਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨਵੀਂ-ਨਵੀਂ ਗੱਡੀ ਚਲਾਉਣੀ ਸਿੱਖੀ ਤਾਂ ਉਹ ਜਲੰਧਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਇਕ ਰੈੱਡ ਲਾਈਟ ਜੰਪ ਕਰ ਗਏ, ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ। ਅੱਗੇ ਜਾ ਕੇ ਉਨ੍ਹਾਂ ਨੂੰ ਇਕ ਪੁਲਸ ਨਾਕੇ 'ਤੇ ਘੇਰ ਲਿਆ ਗਿਆ ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰੈੱਡ ਲਾਈਟ 'ਤੇ ਰੁਕੇ ਕਿਉਂ ਨਹੀਂ ਤਾਂ ਉਨ੍ਹਾਂ ਕਿਹਾ, ''ਮੈਨੂੰ ਇਨ੍ਹਾਂ ਬੱਤੀਆਂ ਦੀ ਜਾਚ ਨਹੀਂ ਹੈ। ਮੈਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਚੱਲਣਾ ਹੈ ਤੇ ਕਦੋਂ ਰੁਕਣਾ ਹੈ।''

ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ

ਇਸ 'ਤੇ ਜਦੋਂ ਨਾਕੇ 'ਤੇ ਤਾਇਨਾਤ ਪੁਲਸ ਅਫ਼ਸਰਾਂ ਨੇ ਪੁੱਛਿਆ ਕਿ ਫਿਰ ਤੁਸੀਂ ਗੱਡੀ ਕਿਵੇਂ ਚਲਾਉਂਦੇ ਹੋ ? ਤਾਂ ਇਸ 'ਤੇ ਸਤਨਾਮ ਨੇ ਜਵਾਬ ਦਿੰਦਿਆਂ ਕਿਹਾ, ''ਜਦੋਂ ਲੋਕ ਚੱਲਦੇ ਨੇ ਤਾਂ ਮੈਂ ਵੀ ਚੱਲ ਪੈਂਦਾ ਹਾਂ, ਜਦੋਂ ਉਹ ਰੁਕਦੇ ਨੇ ਤਾਂ ਮੈਂ ਵੀ ਰੁਕ ਜਾਂਦਾ ਹਾਂ।'' 

ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਡਰਾਇਵਿੰਗ ਕਰਨ ਵੇਲੇ ਲਾਗੂ ਹੋਣ ਵਾਲੇ ਕਾਇਦੇ-ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਉਨ੍ਹਾਂ ਦੀ ਜਾਣਕਾਰੀ ਦੇਣ ਲਈ ਇਕ ਗੀਤ ਲਿਖਿਆ ਜਾਵੇ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਗੀਤ ''ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ...'' ਲਿਖਿਆ ਤੇ ਗਾਇਆ, ਜਿਸ ਨੂੰ ਲੋਕਾਂ ਨੇ ਖ਼ੂਬ ਪਿਆਰ ਬਖ਼ਸ਼ਿਆ ਤੇ ਅੱਜ ਫੇਰ ਤੋਂ ਇਹ ਗੀਤ ਬੱਚੇ-ਬੱਚੇ ਦੀ ਜ਼ੁਬਾਨ 'ਤੇ ਛਾਇਆ ਪਿਆ ਹੈ। 

ਇਸ ਗੱਲਬਾਤ ਦੇ ਹੋਰ ਮਜ਼ੇਦਾਰ ਅੰਸ਼ ਦੇਖਣ ਲਈ ਦੇਖੋ ਵੀਡੀਓ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News