ਨਾਭਾ ''ਚ ਸਿਆਸੀ ਹਲਚਲ ਤੇਜ਼, ''ਸੁਖਬੀਰ'' ਦੀ ਰੈਲੀ ਕਾਰਨ ਵੱਧ ਸਕਦੀਆਂ ਨੇ ਧਰਮਸੋਤ ਦੀਆਂ ਮੁਸ਼ਕਲਾਂ

Sunday, Oct 18, 2020 - 03:48 PM (IST)

ਨਾਭਾ ''ਚ ਸਿਆਸੀ ਹਲਚਲ ਤੇਜ਼, ''ਸੁਖਬੀਰ'' ਦੀ ਰੈਲੀ ਕਾਰਨ ਵੱਧ ਸਕਦੀਆਂ ਨੇ ਧਰਮਸੋਤ ਦੀਆਂ ਮੁਸ਼ਕਲਾਂ

ਨਾਭਾ (ਜੈਨ) : ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੀ 64 ਕਰੋੜ ਰੁਪਏ ਰਾਸ਼ੀ ਦੇ ਘਪਲੇ ਕਾਰਨ ਸਥਾਨਕ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਬਰਖ਼ਾਸਤਗੀ ਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ਵਲੋਂ ਸੂਬਾ ਪੱਧਰੀ ਰੈਲੀ ਇੱਥੇ 2 ਨਵੰਬਰ ਨੂੰ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹਲਕੇ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਇਸ ਹਲਕੇ ਦੇ ਸਾਬਕਾ ਐਮ. ਪੀ. ਚਰਨਜੀਤ ਸਿੰਘ ਅਟਵਾਲ ਅਤੇ ਸਾਬਕਾ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ 27 ਮੈਂਬਰੀ ਕਮੇਟੀ ਵਲੋਂ ਪੰਜਾਬ ਦੇ ਹਰੇਕ ਕਸਬੇ 'ਚੋਂ ਦਲਿਤ ਭਾਈਚਾਰੇ ਨੂੰ ਇਥੇ ਇਕੱਠਾ ਕੀਤਾ ਜਾ ਰਿਹਾ ਹੈ। ਰੈਲੀ ਨੂੰ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਸੀ. ਐਮ. ਤੇ ਸਮੁੱਚੀ ਹਾਈਕਮਾਂਡ ਸੰਬੋਧਨ ਕਰੇਗੀ, ਜਿਸ ਲਈ ਹਲਕਾ ਇੰਚਾਰਜ ਕਬੀਰ ਦਾਸ ਤੇ ਸਾਬਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੀ ਸਰਗਰਮ ਹੋ ਗਏ ਹਨ।

ਰੈਲੀ ਵਿਚ ਦੋਹਾਂ ਧੜਿਆਂ ਵਲੋਂ ਸ਼ਕਤੀ ਪ੍ਰਦਰਸ਼ਨ ਹੋਵੇਗਾ। ਸੁਖਬੀਰ ਬਾਦਲ ਦੋਵਾਂ 'ਚੋਂ ਕਿਸ ਨੂੰ ਅੱਗੇ ਕਰਦੇ ਹਨ, ਇਹ ਰੈਲੀ ਹੀ ਦੱਸੇਗੀ। ਇਸ ਰੈਲੀ ਨਾਲ ਧਰਮਸੌਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ, ਪਾਜਪਾ ਤੇ ਬਸਪਾ ਤੋਂ ਇਲਾਵਾ ਸਾਰੇ ਦਲਿਤ ਸੰਗਠਨ ਵੀ ਜ਼ਬਰਦਸਤ ਅੰਦੋਲਨ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸੀ ਵਿਧਾਇਕਾਂ ਤੇ ਐਮ. ਪੀਜ਼ ਦੀਆਂ ਕੋਠੀਆਂ ਦੇ ਘਿਰਾਓ ਕਰਨ ਦੇ ਅਲਟੀਮੇਟਮ ਨਾਲ ਧਰਮਸੌਤ ਤੇ ਕਾਂਗਰਸ ਲਈ ਨਵੀਂ ਪਰੇਸ਼ਾਨੀ ਪੈਦਾ ਹੋ ਗਈ ਹੈ। ਹੁਣ ਦੇਖਣਾ ਹੈ ਕਿ ਮੁੱਖ ਮੰਤਰੀ ਮੌਜੂਦਾ ਹਾਲਤ 'ਚ ਧਰਮਸੌਤ ਦੀ ਛੁੱਟੀ ਕਰਦੇ ਹਨ ਜਾਂ ਬਚਾਓ ਹੀ ਕਰਦੇ ਹਨ।


author

Babita

Content Editor

Related News