ਜੁਗਾੜੂ ਰੇਹੜੀ ’ਤੇ ਪਾਬੰਦੀ ਨੂੰ ਲੈ ਕੇ ਅਕਾਲੀ ਦਲ ਦੀ CM ਮਾਨ ਨੂੰ ਅਪੀਲ, ਕਿਹਾ-ਹਜ਼ਾਰਾਂ ਲੋਕ ਹੋ ਜਾਣਗੇ ਬੇਰੁਜ਼ਗਾਰ

Saturday, Apr 23, 2022 - 06:23 PM (IST)

ਜੁਗਾੜੂ ਰੇਹੜੀ ’ਤੇ ਪਾਬੰਦੀ ਨੂੰ ਲੈ ਕੇ ਅਕਾਲੀ ਦਲ ਦੀ CM ਮਾਨ ਨੂੰ ਅਪੀਲ, ਕਿਹਾ-ਹਜ਼ਾਰਾਂ ਲੋਕ ਹੋ ਜਾਣਗੇ ਬੇਰੁਜ਼ਗਾਰ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ’ਚ ਜੁਗਾੜੂ ਰੇਹੜੀ ’ਤੇ ਪਾਬੰਦੀ ਦੇ ਆਪਣੇ ਹੁਕਮ ਵਾਪਸ ਲਵੇ ਕਿਉਂਕਿ ਇਸ ਫ਼ੈਸਲੇ ਨਾਲ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਜਾਣਗੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੁਗਾੜੂ ਰੇਹੜੀ ’ਤੇ ਪਾਬੰਦੀ ਦੇ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ, ਜਿਨ੍ਹਾਂ ਨੇ ਸਵੈ-ਰੋਜ਼ਗਾਰ ਲਈ ਤਰੀਕੇ ਅਪਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਬਜ਼ੀਆਂ ਵੇਚਦੇ ਹਨ, ਸ਼ਹਿਰਾਂ ’ਚ ਕੂੜਾ ਇਕੱਠਾ ਕਰਦੇ ਹਨ ਤੇ ਵੱਖ-ਵੱਖ ਵਸਤਾਂ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਵਰਤੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫ਼ੈਸਲੇ ਨਾਲ ਅਜਿਹੇ ਲੋਕਾਂ ਨੂੰ ਸਿੱਧੀ ਮਾਰ ਪਵੇਗੀ ਤੇ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਜਾਣਗੇ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ : ਪਾਕਿ ਫ਼ੌਜ ਦੀ ਚੌਕੀ ’ਤੇ ਅੱਤਵਾਦੀ ਹਮਲਾ, 3 ਫ਼ੌਜੀਆਂ ਦੀ ਮੌਤ

ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਨਿਯਮ ਲਾਗੂ ਕਰਨ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਸਰਕਾਰ ਨੂੰ ਜ਼ਮੀਨੀ ਹਕੀਕਤ ਦਾ ਪਤਾ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਜ਼ਮੀਨੀ ਹਕੀਕਤ ਦਾ ਪਤਾ ਕੀਤਿਆਂ ਅਜਿਹੇ ਹੁਕਮ ਜਾਰੀ ਕਰਨੇ ਸਿਹਤਮੰਦ ਪ੍ਰਸ਼ਾਸਨ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੁਗਾੜੂ ਰੇਹੜੀ ’ਤੇ ਪਾਬੰਦੀ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੂੰ ਇਹ ਸਾਧਨ ਵਰਤ ਰਹੇ ਲੋਕਾਂ ਵਾਸਤੇ ਰੋਜ਼ਗਾਰ ਦੇ ਬਦਲਵੇਂ ਮੌਕੇ ਪੈਦਾ ਕਰਨੇ ਚਾਹੀਦੇ ਸਨ। ਉਨ੍ਹਾਂਂ ਕਿਹਾ ਕਿ ਸਰਕਾਰ ਬੁਨਿਆਦੀ ਮੁਸ਼ਕਿਲ ਦਾ ਅਧਿਐਨ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਤੇ ਇਸ ਨੇ ਇਨ੍ਹਾਂ ਹੁਕਮਾਂ ਦੇ ਪੈਣ ਵਾਲੇ ਪ੍ਰਭਾਵ ਜਾਣੇ ਬਗੈਰ ਹੀ ਹੁਕਮ ਜਾਰੀ ਕਰ ਦਿੱਤੇ ਹਨ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੁਗਾੜ ਰੇਹੜੀਆਂ ’ਤੇ ਪਾਬੰਦੀ ਦੇ ਇਹ ਹੁਕਮ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਇਕ ਵਾਰ ਫਿਰ ਤੋਂ ਸਾਬਤ ਹੋ ਗਿਆ ਹੈ ਕਿ ਸਰਕਾਰ ਦਾ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਇਹ ਹੁਕਮ ਲਾਗੂ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਫੀਡਬੈਕ ਲੈ ਲੈਂਦੇ।
 


author

Manoj

Content Editor

Related News