‘ਸਆਦਤ ਹਸਨ ਮੰਟੋ’ ਦੇ ਜਨਮ ਦਿਨ ’ਤੇ ਵਿਸ਼ੇਸ਼ : ‘ਮੈਂ ਕਹਾਣੀ ਕਿਉਂ  ਲਿਖਦਾ ਹਾਂ’

Monday, May 11, 2020 - 10:38 AM (IST)

‘ਸਆਦਤ ਹਸਨ ਮੰਟੋ’ ਦੇ ਜਨਮ ਦਿਨ ’ਤੇ ਵਿਸ਼ੇਸ਼ : ‘ਮੈਂ ਕਹਾਣੀ ਕਿਉਂ  ਲਿਖਦਾ ਹਾਂ’

ਸਆਦਤ ਹਸਨ ਮੰਟੋ

(ਸਆਦਤ ਹਸਨ ਮੰਟੋ (11 ਮਈ 1912 -18 ਜਨਵਰੀ 1955) ਦਾ ਜਨਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ। 1931 ਵਿਚ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਹਿੰਦੂ ਸਭਾ ਕਾਲਜ ਵਿਚ ਐੱਫ਼. ਏ. ਵਿਚ ਦਾਖਲਾ ਲਿਆ। ਉਹ ਉੱਘੇ ਉਰਦੂ ਕਹਾਣੀਕਾਰ ਸਨ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ । ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ’ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ 'ਤਮਾਸ਼ਾ' ਲਿਖੀ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਆਤਿਸ਼ਪਾਰੇ, ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਲਾਊਡ ਸਪੀਕਰ (ਸਕੈਚ), ਗੰਜੇ ਫ਼ਰਿਸ਼ਤੇ (ਸਕੈਚ), ਮੰਟੋ ਕੇ ਮਜ਼ਾਮੀਨ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਕੀ ਬੇਹਤਰੀਨ ਕਹਾਣੀਆਂ )

PunjabKesari

ਧੰਨਵਾਦ ਸਹਿਤ : ਪੰਜਾਬੀ ਡਾਟ ਕਵਿਤਾ
ਅਦਬ ਦਾ ਇਹ ਬਹੁਤ ਪਿਆਰਾ ਮੰਚ ਹੈ। ਇੱਥੋਂ ਪਾਠਕ ਹੋਰ ਵੀ ਰਚਨਾਵਾਂ ਪੜ੍ਹ ਸਕਦੇ ਹਨ

ਸਤਿਕਾਰਤ ਬੀਬੀਓ ਤੇ ਸਾਹਿਬੋ !

ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ।

ਇਹ 'ਕਿਉਂਕਰ' ਮੇਰੀ ਸਮਝ ਵਿਚ ਨਹੀਂ ਆਇਆ। 'ਕਿਉਂਕਰ' ਦੇ ਅਰਥ ਸ਼ਬਦ ਕੋਸ਼ ਵਿਚ ਤਾਂ ਇਹ ਮਿਲਦੇ ਨੇ : 'ਕਿਵੇਂ ਤੇ ਕਿਸ ਤਰਾਂ' ।

ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ । ਇਹ ਬੜੀ ਉਲਝਣ ਦੀ ਗੱਲ ਹੈ । ਜੇ 'ਕਿਸ ਤਰਾਂ' ਨੂੰ ਸਾਹਮਣੇ ਰੱਖਾਂ ਤਾਂ ਇਹ ਜਵਾਬ ਦੇ ਸਕਦਾ ਹਾਂ, "ਮੈਂ ਆਪਣੇ ਕਮਰੇ ਵਿਚ ਸੋਫੇ ਉਤੇ ਬੈਠ ਜਾਂਦਾ ਹਾਂ, ਕਾਗਜ-ਕਲਮ ਫੜਦਾ ਹਾਂ ਅਤੇ ਬਿਸਮਿੱਲਾਹ ਕਰਕੇ ਕਹਾਣੀ ਲਿਖਣੀ ਸ਼ੁਰੂ ਕਰ ਦਿੰਦਾ ਹਾਂ-ਮੇਰੀਆਂ ਤਿੰਨੇ ਬੱਚੀਆਂ ਰੌਲਾਂ ਪਾ ਰਹੀਆਂ ਹੁੰਦੀਆਂ ਨੇ । ਮੈਂ ਉਨ੍ਹਾਂ ਨਾਲ ਗੱਲਾਂ ਵੀ ਕਰਦਾ ਹਾਂ, ਉਨ੍ਹਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ ਹਾਂ । ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ । ਕੋਈ ਮਿਲਣ ਵਾਲਾ ਆ ਜਾਏ ਤਾਂ ਉਹਦੀ ਸੇਵਾ ਵੀ ਕਰਦਾ ਹਾਂ……ਪਰ ਕਹਾਣੀ ਲਿਖੀ ਜਾਂਦਾ ਹਾਂ ।"

ਹੁਣ 'ਕਿਵੇਂ' ਦਾ ਸਵਾਲ ਆਏ ਤਾਂ ਮੈਂ ਇਹ ਕਹਾਂਗਾ : "ਮੈ ਓਦਾਂ ਹੀ ਕਹਾਣੀ ਲਿਖਦਾ ਹਾਂ, ਜਿੱਦਾਂ ਖਾਣਾ ਖਾਂਦਾ ਹਾਂ, ਨਹਾਉਂਦਾਂ ਹਾਂ, ਸਿਗਰਟ ਪੀਦਾਂ ਹਾਂ ਅਤੇ ਝੱਖ ਮਾਰਦਾ ਹਾਂ ।"

ਜੇ ਇਹ ਪੁਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸਦਾ ਜਵਾਬ ਹਾਜ਼ਿਰ ਹੈ ।
"ਮੈਂ ਕਹਾਣੀ ਅੱਵਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀਕਾਰੀ ਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ ।"
ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜਾਂ ਮੈਂ ਸ਼ਰਾਬ ਨਹੀਂ ਪੀਤੀ ।
ਮੈਂ ਕਹਾਣੀ ਨਹੀਂ ਲਿਖਦਾ, ਹਕੀਕਤ ਇਹ ਹੈ ਕਿ ਕਹਾਣੀ ਮੈਨੂੰ ਲਿਖਦੀ ਹੈ ।

PunjabKesari

ਮੈਂ ਬੁਹਤ ਘੱਟ ਪੜ੍ਹਿਆ ਲਿਖਿਆ ਆਦਮੀ ਹਾਂ…ਉਂਝ ਤਾਂ ਵੀਹ ਤੋਂ ਉਤੇ ਕਿਤਾਬਾਂ ਲਿਖੀਆਂ ਨੇ ਪਰ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਹੈ ਕਿ ਇਹ ਕੌਣ ਹੈ, ਜੀਹਨੇ ਏਨੀਆਂ ਅੱਛੀਆਂ ਕਹਾਣੀਆਂ ਲਿਖੀਆਂ ਨੇ, ਜਿਨ੍ਹਾਂ ਉਤੇ ਨਿਤ ਮੁਕੱਦਮੇ ਚਲਦੇ ਰਹਿੰਦੇ ਨੇ ।

ਜਦੋ ਕਲਮ ਮੇਰੇ ਹੱਥ ਵਿਚ ਨਾ ਹੋਵੇ ਤਾਂ ਮੈਂ ਕੇਵਲ ਸਆਦਤ ਹਸਨ ਹੁੰਦਾ ਹਾਂ, ਜਿਹਨੂੰ ਉਰਦੂ ਆਉਂਦੀ ਹੈ, ਨਾ ਫਾਰਸੀ, ਅੰਗਰੇਜ਼ੀ ਨਾ ਫ੍ਰਾਂਸੀਸੀ ।

ਕਹਾਣੀ ਮੇਰੇ ਦਿਮਾਗ 'ਚ ਨਹੀਂ, ਜੇਬ ’ਚ ਹੁੰਦੀ ਹੈ, ਜਿਸਦੀ ਮੈਨੂੰ ਕੋਈ ਖ਼ਬਰ ਨਹੀਂ ਹੁੰਦੀ। ਮੈਂ ਆਪਣੇ ਦਿਮਾਗ 'ਤੇ ਜੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਏ ਕਹਾਣੀਕਾਰ ਬਣਨ ਦੀ ਵੀ ਬੁਹਤ ਕੋਸ਼ਿਸ਼ ਕਰਦਾ ਹਾਂ। ਸਿਗਰਟ ’ਤੇ ਸਿਗਰਟ ਫੂਕੀ ਜਾਂਦਾ ਹਾਂ ।

ਅਣਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਵਸੂਲ ਕਰ ਚੁਕਿਆ ਹੁੰਦਾ ਹਾਂ, ਇਸ ਲਈ ਬੜੀ ਕੋਫ਼ਤ ਹੁੰਦੀ ਹੈ ।

ਪਾਸੇ ਬਦਲਦਾ ਹਾਂ, ਉਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਦਾਂ ਹਾਂ, ਬੱਚੀਆਂ ਨੂੰ ਝੂਲਾ ਝੁਲਾਉਂਦਾ ਹਾਂ, ਘਰ ਦਾ ਕੂੜਾ-ਕਬਾੜਾ ਸਾਫ਼ ਕਰਦਾ ਹਾਂ, ਨੰਨੇ ਮੁੰਨੇ ਜੁੱਤੇ, ਜੋ ਘਰ 'ਚ ਥਾਂ-ਕੁਥਾਂ ਖਿੰਡੇ ਪਏ ਹੁੰਦੇ ਨੇ; ਚੁੱਕ ਕੇ ਇਕ ਥਾਂ 'ਤੇ ਰੱਖਦਾ ਹਾਂ-ਪਰ ਕੰਬਖਤ ਕਹਾਣੀ, ਜੋ ਮੇਰੀ ਜੇਬ 'ਚ ਪਈ ਰਹਿੰਦੀ ਹੈ, ਮੇਰੇ ਜ਼ਿਹਨ 'ਚ ਉਤਰਦੀ ਨਹੀਂ ਅਤੇ ਮੈਂ ਤਿਲਮਿਲਾਉਦਾ ਰਹਿੰਦਾ ਹਾਂ ।

ਜਦੋਂ ਬਹੁਤ ਜ਼ਿਆਦਾ ਕੋਫ਼ਤ ਹੁੰਦੀ ਹੈ ਤਾਂ ਬਾਥਰੂਮ 'ਚ ਚਲਿਆ ਜਾਂਦਾ ਹਾਂ ਪਰ ਉਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਸੁਣਿਆ ਹੈ ਕਿ ਹਰ ਬੜਾ ਆਦਮੀ ਗੁਸਲਖ਼ਾਨੇ ਵਿਚ ਸੋਚਦਾ ਹੈ-ਮੈਂ ਗੁਸਲਖ਼ਾਨੇ ਵਿਚ ਵੀ ਨਹੀਂ ਸੋਚ ਸਕਦਾ ।
ਹੈਰਤ ਹੈ ਕਿ ਫੇਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ ਬੜਾ ਕਹਾਣੀਕਾਰ ਹਾਂ ।

ਮੈਂ ਇਹੀ ਕਹਿ ਸਕਦਾ ਹਾਂ ਕਿ ਮੇਰੇ ਆਲੋਚਕਾਂ ਦੀ ਖ਼ੁਸ਼ਫਹਿਮੀ ਹੈ ਜਾਂ ਮੈਂ ਉਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਹਾਂ, ਉਹਨਾਂ ਉਤੇ ਕੋਈ ਜਾਦੂ ਕਰ ਰਿਹਾ ਹਾਂ ।

PunjabKesari

ਕਿੱਸਾ ਇਹ ਹੈ ਕਿ ਮੈਂ ਖ਼ੁਦਾ ਨੂੰ ਹਾਜ਼ਿਰ ਨਾਜ਼ਿਰ ਰੱਖ ਕੇ ਕਹਿੰਦਾ ਹਾਂ ਕਿ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ ਅਤੇ ਕਿਵੇਂ ਲਿਖਦਾ ਹਾਂ ।ਅਕਸਰ ਮੌਕਿਆਂ 'ਤੇ ਅਜਿਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼

ਹੋਇਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ: "ਤੁਸੀਂ ਸੋਚੋ ਨਾ…ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਓ ।"

ਮੈਂ ਉਹਦੇ ਕਹਿਣ 'ਤੇ ਪੈਂਸਿਲ ਜਾਂ ਕਲਮ ਚੁੱਕਦਾ ਹਾਂ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ ।

ਦਿਮਾਗ ਬਿਲਕੁਲ ਖਾਲੀ ਹੁੰਦਾ ਹੈ, ਪਰ ਜੇਬ ਭਰੀ ਹੁੰਦੀ ਹੈ ਅਤੇ ਆਪਣੇ ਆਪ ਕੋਈ ਕਹਾਣੀ ਉਛਲ ਕੇ ਬਾਹਰ ਆ ਜਾਂਦੀ ਹੈ ।

ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ, ਜੇਬ ਕਤਰਾ ਸਮਝਦਾ ਹਾਂ, ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਅਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ।
ਮੇਰੇ ਵਰਗਾ ਬੱਧੂ ਵੀ ਦੁਨੀਆਂ 'ਚ ਕੋਈ ਹੋਰ ਹੋਊਗਾ ?


author

rajwinder kaur

Content Editor

Related News