ਝਬਾਲ ਵਿਖੇ ਐੱਸ. ਐੱਸ. ਪੀ. ਮਾਨ ਨੇ ਇਲਾਕਾ ਵਾਸੀਆਂ ਨਾਲ ਕੀਤੀ ਮੀਟਿੰਗ

02/17/2018 12:16:40 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ, ਭਾਟੀਆ) - ਨਸ਼ਿਆਂ ਦੇ ਪੰਜਾਬ ਦੇ ਨੌਜਵਾਨਾਂ 'ਤੇ ਹੋ ਰਹੇ ਮਾਰੂ ਹਮਲੇ ਅੱਤਵਾਦ ਦੇ ਕਾਲੇ ਦੌਰ ਤੋਂ ਵੱਧ ਖਤਰਨਾਕ ਹਨ ਅਤੇ ਜੇਕਰ ਸਮਾਂ ਰਹਿੰਦਿਆਂ ਨਸ਼ਾਖੋਰੀਆਂ ਨੂੰ ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਇਹ ਪ੍ਰਗਟਾਵਾ ਕਸਬਾ ਝਬਾਲ ਸਥਿਤ ਪੰਚਾਇਤ ਘਰ ਵਿਖੇ ਸਰਪੰਚ ਸੋਨੂੰ ਚੀਮਾ ਦੀ ਅਗਵਾਈ 'ਚ ਨਸ਼ਿਆਂ ਵਿਰੁਧ ਲੋਕਾਂ ਨੂੰ ਲਾਮਬਧ ਕਰਨ ਲਈ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ ਕਾਰਨ ਨੌਜਵਾਨ ਕੁਰਾਹੇ ਪੈ ਰਹੇ ਹਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਜ਼ਿਲੇ ਅੰਦਰ ਉਨ੍ਹਾਂ ਦੀ ਨਿਯੁਕਤੀ ਹੋਈ, ਨਸ਼ਾ ਸਮੱਗਲਿੰਗ ਨੂੰ ਵੱਡੀ ਪੱਧਰ 'ਤੇ ਠੱਲ੍ਹ ਪੈ ਚੁੱਕੀ ਹੈ ਪਰ ਇਹ ਸਮੱਗਲਿੰਗ ਅਜੇ ਪੂਰੀ ਤਰ੍ਹਾਂ ਰੁਕੀ ਨਹੀਂ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਸ਼ਾ ਵਿਰੋਧੀ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਖੇਤਰ ਅੰਦਰ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਸੂਚੀ ਉਨ੍ਹਾਂ ਨੂੰ ਦਿੱਤੀ ਜਾਵੇ, ਤਾਂ ਜੋ ਅਜਿਹੇ ਲੋਕਾਂ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਲਿਆਂਦਾ ਜਾ ਸਕੇ। ਇਸ ਮੌਕੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ, ਡੀ. ਐੱਸ. ਪੀ. ਸਤਨਾਮ ਸਿੰਘ, ਥਾਣਾ ਝਬਾਲ ਮੁਖੀ ਇੰਸ. ਮਨੋਜ ਕੁਮਾਰ ਸ਼ਰਮਾ, ਸਰਪੰਚ ਸੋਨੂੰ ਚੀਮਾ, ਖਾਲੜਾ ਕਮੇਟੀ ਮੁਖੀ ਭਾਈ ਬਲਵਿੰਦਰ ਸਿੰਘ ਆਦਿ ਸਮੇਤ ਇਲਾਕੇ ਭਰ ਦੇ ਲੋਕ ਹਾਜ਼ਰ ਸਨ।  
 


Related News