ਪੰਥ ਤੋਂ ਵਿਛਡ਼ੇ ਨਾਨਕ ਪੰਥੀ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਹੋਏ ਨਤਮਸਤਕ

04/22/2019 4:47:38 AM

ਰੋਪੜ (ਦਲਜੀਤ ਸਿੰਘ)- ਬਿਹਾਰ ਦੇ ਪੰਥ ਤੋਂ ਵਿਛਡ਼ੇ ਕੁਝ ਨਾਨਕ ਪੰਥੀ ਪਰਿਵਾਰ ਅੱਜ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਹ ਉਹ ਪਰਿਵਾਰ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਸਿੱਖ ਪੰਥ ਧਾਰਨ ਕੀਤਾ ਸੀ। ਇਹ ਉਸ ਸਮੇਂ ਤੋਂ ਹੀ ਆਪਣੇ ਆਪ ਨੂੰ ਨਾਨਕ ਪੰਥੀ ਅਖਵਾਉਂਦੇ ਆ ਰਹੇ ਹਨ। ਇਨ੍ਹਾਂ ’ਚੋਂ ਕੁੱਝ ਪਰਿਵਾਰ ਰੋਜ਼ਗਾਰ ਦੀ ਭਾਲ ਲਈ ਪੰਜਾਬ ਆ ਵਸੇ ਸਨ। ਸਮੇਂ ਦੀ ਮਾਰ ਕਰਕੇ ਇਹ ਹੁਣ ਆਪਣੀ ਮੁੱਖ ਧਾਰਾ ਤੋਂ ਬੇਮੁੱਖ ਹੋ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਪ੍ਰਚਾਰਕਾਂ ਵੱਲੋਂ ਇਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਹੁਣ ਇਹ ਪਰਿਵਾਰਾਂ ਸਮੇਤ ਆਪਣੀ ਮੁੱਖ ਧਾਰਾ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇ ਤਕਰੀਬਨ 250 ਪਰਿਵਾਰ ਲੁਧਿਆਣਾ ਵਿਖੇ ਰਹਿ ਰਹੇ ਹਨ ਜਿਨ੍ਹਾਂ ਦੀ ਭਾਲ ਸਿੱਖ ਮਿਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਲਕੱਤਾ ਦੇ ਇੰਚਾਰਜ ਸ੍ਰ. ਜਗਮੋਹਣ ਸਿੰਘ ਗਿੱਲ ਨੇ ਕੀਤੀ ਹੈ। ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਅੱਜ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਦਰਸ਼ਨ ਕਰਕੇ ਉਨ੍ਹਾਂ ਦੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਅਤੇ ਸਾਨੂੰ ਆਪਣੇ ਪੁਰਾਤਨ ਧਾਰਮਕ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋਇਆ ਹੈ। ਇਸ ਮੌਕੇ ਸ੍ਰ. ਸਿਮਰਜੀਤ ਸਿੰਘ ਮੀਤ ਸਕੱਤਰ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਜਸਵਿੰਦਰ ਸਿੰਘ , ਹਰਦੇਵ ਸਿੰਘ , ਪਲਵਿੰਦਰ ਸਿੰਘ, ਹਰਮਿੰਦਰ ਸਿੰਘ , ਭਾਈ ਬਲਵੰਤ ਸਿੰਘ, ਗੁਰਚਰਨ ਸਿੰਘ ਬਾਈ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਅਤੇ ਸੰਜੀਵ ਸਿੰਘ ਆਦਿ ਹਾਜ਼ਰ ਸਨ।

Related News