ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਰਿਵਾਲਵਰ ਦੀ ਨੋਕ ਤੇ ਲੁੱਟੇ 2 ਲੱਖ 75 ਹਜ਼ਾਰ ਰੁਪਏ

Thursday, Mar 29, 2018 - 11:52 PM (IST)

ਲੁਟੇਰਿਆਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਰਿਵਾਲਵਰ ਦੀ ਨੋਕ ਤੇ ਲੁੱਟੇ 2 ਲੱਖ 75 ਹਜ਼ਾਰ ਰੁਪਏ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਇਲਾਕੇ ਅੰਦਰ ਦਿਨ-ਬ-ਦਿਨ ਵੱਧ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਲੈ ਕੇ ਜਿਥੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਉਥੇ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਬੇਖੌਫ਼ ਹੋ ਕੇ ਦਿਨ-ਦਿਹਾੜੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਨਜ਼ਦੀਕੀ ਪਿੰਡ ਚੱਕ ਗਾਂਧਾ ਸਿੰਘ ਵਾਲਾ-ਝਬੇਲਵਾਲੀ ਰੋਡ ਤੇ ਸੇਮ ਨਾਲੇ ਦੇ ਪੁਲ ਦੇ ਨਜ਼ਦੀਕ ਦਿਨ-ਦਿਹਾੜੇ ਠੇਕੇਦਾਰ ਤੋਂ ਹੋਈ 2 ਲੱਖ 75 ਹਜ਼ਾਰ ਰੁਪਏ ਦੀ ਹੋਈ ਲੁੱਟ ਤੋਂ ਮਿਲਦੀ ਹੈ। 
ਇਸ ਸਬੰਧੀ ਬਾਲਾ ਜੀ ਇੰਟਰਪ੍ਰਈਜਸ ਕੰਪਨੀ ਦੇ ਠੇਕੇਦਾਰ ਸਵੀਟ ਕੁਮਾਰ ਜਿੰਦਲ ਬਰੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਰਾਬ ਦੇ ਠੇਕਿਆਂ ਤੋਂ ਪੈਸੇ ਇਕੱਠੇ ਕਰਕੇ ਬਰੀਵਾਲਾ ਤੋਂ ਹੁੰਦੇ ਹੋਏ ਵਾਇਆ ਚੱਕ ਗਾਂਧਾ ਸਿੰਘ ਵਾਲਾ, ਝਬੇਲਵਾਲੀ ਨੂੰ ਜਾ ਰਹੇ ਸਨ ਕਿ ਜਿਉਂ ਹੀ ਉਹ ਸੇਮ ਨਾਲੇ ਪੁਲ ਦੇ ਨਜ਼ਦੀਕ ਪੁੱਜੇ ਤਾਂ ਪਿੱਛੋਂ ਆਉਂਦੀ ਇੱਕ ਕ੍ਰੀਮ ਰੰਗ ਦੀ ਬਿਨਾਂ ਨੰਬਰ ਵਾਲੀ ਫਿੱਗੋ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਅੱਗੇ ਲਗਾ ਕੇ ਉਨ੍ਹਾਂ ਦੀ ਗੱਡੀ ਰੋਕ ਕੇ ਰਿਵਾਲਵਰ ਦੀ ਨੋਕ ਤੇ ਬੇਸਬਾਲ ਵਾਲੇ ਡੰਡਿਆਂ ਨਾਲ ਗੱਡੀ ਦੀ ਭੰਨਤੋੜ•ਕੀਤੀ ਅਤੇ ਫਿਰ ਗੱਡੀ ਚਾਲਕ ਦਿਲਬਾਗ ਸਿੰਘ ਭੱਟੀ ਅਤੇ ਉਨ੍ਹਾਂ ਦੀ ਵੀ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ ਕਰੀਬ 2.75 ਲੱਖ ਰੁਪੈ ਲੁੱਟ ਲਏ ਅਤੇ ਜਾਣ ਸਮੇਂ ਉਸ ਦਾ ਮੋਬਾਇਲ ਵੀ ਖੋਹ ਕੇ ਫਰਾਰ ਹੋਣ 'ਚ ਸਫ਼ਲ ਰਹੇ। ਉਕਤ ਸਾਰੇ ਮਾਮਲੇ ਦੀ ਜਾਣਕਾਰੀ ਗੱਡੀ ਚਾਲਕ ਜਖ਼ਮੀ ਹਾਲਤ 'ਚ ਦਿਲਬਾਗ ਸਿੰਘ ਭੱਟੀ ਨੇ ਸਬੰਧਤ ਠੇਕੇਦਾਰਾਂ ਨੂੰ ਦਿੱਤੀ, ਜਿਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਲਈ ਪੁਲਸ ਵਿਭਾਗ ਨੂੰ ਸੂਚਨਾ ਦਿੱਤੀ ਗਈ ਤਾਂ ਸੀਆਈਏ ਸਟਾਫ਼ ਦੇ ਇੰਸਪੈਕਟਰ ਪ੍ਰਤਾਪ ਸਿੰਘ ਆਪਣੀ ਟੀਮ ਸਹਿਤ ਮੌਕੇ ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਪੁਲਸ ਦੇ ਉੱਚ ਅਧਿਕਾਰੀ ਵੀ ਥਾਣਾ ਬਰੀਵਾਲਾ ਦੀ ਟੀਮ ਸਹਿਤ ਏ.ਐਸ.ਆਈ. ਕਰਮਜੀਤ ਸਿੰਘ ਦੀ ਅਗਵਾਈ ਹੇਠ ਪੁੱਜੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 


Related News