ਜਦੋਂ ਰਾਈਡਰਾਂ ਦੇ ਜਨੂੰਨ ਅੱਗੇ ਫਿੱਕਾ ਪਿਆ ਮੌਸਮ ਦਾ ਮਿਜਾਜ਼...

Saturday, Jun 16, 2018 - 04:32 PM (IST)

ਜਦੋਂ ਰਾਈਡਰਾਂ ਦੇ ਜਨੂੰਨ ਅੱਗੇ ਫਿੱਕਾ ਪਿਆ ਮੌਸਮ ਦਾ ਮਿਜਾਜ਼...

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਆਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਕੇ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਲਈ ਤੱਤਪਰ ਮੁਕਤਸਰ ਰਾਈਡਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਮਾਨ ਦੀ ਪ੍ਰੇਰਣਾ ਸਦਕਾ ਹਰ ਰੋਜ਼ ਸਵੇਰੇ 5 ਵਜੇ ਸਾਈਕਲਾਂ 'ਤੇ ਸੈਰ ਲਈ ਜਾਇਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸਰਗਰਮ ਮੈਂਬਰ  ਸੁਰੇਸ਼ ਕੁਮਾਰ ਬਿੱਟੂ ਏ.ਬੀ. ਸੀ. ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ 5 ਵਜੇ ਸਥਾਨਕ ਕੋਟਕਪੂਰਾ ਰੋਡ ਤੋਂ ਸਾਈਕਲਾਂ ਤੇ ਨਹਿਰਾਂ /ਟੋਲ ਪਲਾਜ਼ਾ/ਸਰਾਏਨਾਗਾ ਤੱਕ ਆਉਣ-ਜਾਣ 25-30 ਕਿਲੋਮੀਟਰ ਦੀ ਸੈਰ ਕਰਦੇ ਹਨ। 
ਉਨ੍ਹਾਂ ਦਾ ਸਾਈਕਲਾਂ ਦਾ ਇਹ ਕਾਫਲਾ 'ਮਿਸ਼ਨ ਤੰਦਰੁਸਤ' ਅਤੇ 'ਨਸ਼ਾ ਮੁਕਤ ਪੰਜਾਬ' ਤਹਿਤ ਅੱਜ ਕੋਟਕਪੂਰਾ ਫਨ ਪਲਜ਼ਾ ਤੱਕ ਪਹੁੰਚਿਆਂ, ਜਿਥੇ ਪ੍ਰੈਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸ਼ਾਮ ਲਾਲ ਚਾਵਲਾ ਸਮੇਤ ਆਮ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ, ਜਦੋਂ ਰਸਤੇ ਵਿੱਚ ਲੋਕ ਉਨ੍ਹਾਂ ਦਾ ਹੱਥ ਹਿੱਲਾ ਕੇ ਹੌਂਸਲਾ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਸ੍ਰੀ ਮੁਕਤਸਰ ਸਾਹਿਬ ਤੋਂ 50-60 ਕਿਲੋਮੀਟਰ ਦੇ ਸ਼ਹਿਰਾਂ ਅਤੇ ਕਸਬਿਆਂ 'ਚ ਸਾਈਕਲ 'ਤੇ ਜਾ ਕੇ ਜਿੱਥੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਾ ਹੈ, ਉੱਥੇ ਹੀ ਆਪਣੀ ਸਿਹਤ ਪ੍ਰਤੀ ਹਰ ਰੋਜ਼ ਸੈਰ ਕਰਨ ਲਈ ਪ੍ਰੇਰਿਤ ਕਰਨਾ ਹੈ। 
ਉਨ੍ਹਾਂ ਨੌਜਵਾਨਾਂ ਨੂੰ ਹਰ ਰੋਜ਼ ਸਵੇਰੇ ਜਲਦੀ ਉਠ ਕੇ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਦਿਆਂ ਮੁਕਤਸਰ ਰਾਈਡਰਜ਼ ਆਈ. ਪੀ. ਓ. ਐਸੋ. ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਦੋ-ਚਾਰ ਦਿਨ ਤਾਂ ਸਵੇਰੇ ਜਲਦੀ ਉਠਣ 'ਚ ਥੋੜੀ ਮੁਸ਼ਕਿਲ ਜਰੂਰ ਆਉਂਦੀ ਹੈ ਪ੍ਰੰਤੂ ਬਾਅਦ ਵਿਚ ਸਵੇਰੇ ਜਲਦੀ ਉਠ ਕੇ ਸੈਰ ਤੇ ਜਾਣਾ ਜ਼ਿੰਦਗੀ ਦਾ ਜਨੂੰਨ ਬਣ ਜਾਂਦਾ ਹੈ। 


Related News