ਉਪ ਚੋਣ ਕਮਿਸ਼ਨਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਤਿਆਰੀਆਂ ਦੀ ਕੀਤੀ ਸਮੀਖਿਆ
Thursday, Oct 21, 2021 - 06:50 PM (IST)
ਚੰਡੀਗੜ੍ਹ (ਬਿਊਰੋ) : ਉਪ ਚੋਣ ਕਮਿਸ਼ਨਰ ਨਿਤੇਸ਼ ਕੁਮਾਰ ਵਿਆਸ ਆਈ. ਏ. ਐੱਸ. ਨੇ ਪੰਜਾਬ ਵਿਖੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਨਿਤੇਸ਼ ਵਿਆਸ ਆਈ. ਏ. ਐੱਸ. ਨੇ ਸੀ. ਈ. ਓ., ਪੰਜਾਬ ਨੂੰ ਈ. ਵੀ. ਐੱਮਜ਼/ਵੀਵੀਪੈਟਸ ਦੀ ਜ਼ਿਲ੍ਹਾ ਪੱਧਰ ’ਤੇ ਚੱਲ ਰਹੀ ਫਸਟ ਲੈਵਲ ਚੈਕਿੰਗ (ਐੱਫ. ਐੱਲ. ਸੀ.) ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੰਜਾਬ ਦੇ ਸੀ. ਈ. ਓ. ਦਫ਼ਤਰ ਦੇ ਚੋਣ ਅਧਿਕਾਰੀਆਂ ਨੂੰ ਟੋਲ ਫਰੀ ਹੈਲਪਲਾਈਨ ਨੰਬਰ 1950 ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਟ੍ਰੈਕ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਅਤੇ ਬੂਥ ਲੈਵਲ ਅਫਸਰਾਂ (ਬੀ. ਐੱਲ. ਓਜ਼.) ਦੀ ਸਿਖਲਾਈ ਵੱਲ ਧਿਆਨ ਦੇਣ ਸਬੰਧੀ ਨਿਰਦੇਸ਼ ਵੀ ਦਿੱਤੇ ਹਨ। ਮੀਟਿੰਗ ਦੌਰਾਨ, ਸੀ. ਈ. ਓ. ਪੰਜਾਬ ਡਾ. ਐਸ. ਕਰੁਣਾ ਰਾਜੂ, ਆਈ. ਏ. ਐੱਸ. ਵੱਲੋਂ ਵੋਟਰ ਸੂਚੀਆਂ ਦੀਆਂ ਤਿਆਰੀਆਂ ਅਤੇ ਇਨ੍ਹਾਂ ਦੀ ਮੌਜੂਦਾ ਸਥਿਤੀ, ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ, ਈ. ਵੀ. ਐੱਮਜ਼./ਵੀਵੀਪੈਟਸ, ਈ. ਵੀ. ਐੱਮਜ਼./ਵੀਵੀਪੈਟਸ ਦੀ ਫਰਸਟ ਲੈਵਲ ਚੈਕਿੰਗ, ਸਾਰੇ ਚੋਣ ਅਧਿਕਾਰੀਆਂ ਦੀ ਸਿਖਲਾਈ, ਚੋਣ ਸਮਗਰੀ ਦੀ ਖਰੀਦ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਉਨ੍ਹਾਂ ਅੱਗੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ (ਵੋਟਰ ਸੂਚੀ ਵਿੱਚ ਵੇਰਵੇ ਸ਼ਾਮਲ ਕਰਨ, ਹਟਾਉਣ ਅਤੇ ਸੋਧ ਕਰਨ ਲਈ ਵਿਸ਼ੇਸ਼ ਮੁਹਿੰਮ) ਸਬੰਧੀ ਪ੍ਰੀ-ਰਵੀਜ਼ਨ ਗਤੀਵਿਧੀਆਂ ਦੀ ਪ੍ਰਗਤੀ ਬਾਰੇ ਦੱਸਿਆ। ਉਨ੍ਹਾਂ ਨੇ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ, ਸਟਾਫ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ, ਸਿਖਲਾਈ ਪ੍ਰਬੰਧਾਂ ਅਤੇ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪਹਿਲਕਦਮੀਆਂ ਆਦਿ ਸਬੰਧੀ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੀ ਹਲਚਲ ਵਿਚਾਲੇ ਵੱਡੀ ਖ਼ਬਰ : ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਰਾਜੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ 24,689 ਪੋਲਿੰਗ ਬੂਥਾਂ ਵਿੱਚ ਰੈਂਪ, ਪਾਣੀ ਦੀ ਸਹੂਲਤ, ਪਖਾਨੇ ਦੀ ਉਪਲੱਬਧਤਾ ਵਰਗੀਆਂ ਘੱਟੋ-ਘੱਟ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਕਮ ਨੋਡਲ ਅਫਸਰ, ਚੋਣਾਂ ਸ਼ਸ਼ੀ ਪ੍ਰਭਾ ਦਿਵੇਦੀ ਨੇ ਉਪ ਚੋਣ ਕਮਿਸ਼ਨਰ, ਈ. ਸੀ. ਆਈ. ਨੂੰ ਪੰਜਾਬ ’ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸੁਰੱਖਿਆ ਉਪਾਵਾਂ ਨੂੰ ਪੰਜਾਬ ਪੁਲਸ ਵੱਲੋਂ ਲਾਗੂ ਕਰਨ ਸਬੰਧੀ ਯੋਜਨਾਬੱਧ ਕਦਮਾਂ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਕਮ ਨੋਡਲ ਅਫ਼ਸਰ, ਚੋਣਾਂ, ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ, ਅੰਡਰ ਸਕੱਤਰ, ਈ. ਸੀ. ਆਈ. ਅਤੇ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਹੋਰ ਅਧਿਕਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ : ਸਪੀਕਰ ਵਲੋਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਭਲਾਈ ਨੀਤੀ ਦੀ ਮੰਗ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ