ਸਰਕਾਰੀ ਹੋਸਟਲ 'ਚ ਰਹਿੰਦੀਆਂ ਨਰਸਾਂ ਨੇ ਆਪਣੀ ਸੁਰੱਖਿਆ ਲਈ ਦਿੱਤਾ ਧਰਨਾ

02/16/2018 4:24:14 AM

ਸੰਗਰੂਰ, (ਬਾਵਾ, ਬੇਦੀ)— ਸਿਵਲ ਹਸਪਤਾਲ 'ਚ ਨਰਸਿੰਗ ਦੀ ਟ੍ਰੇਨਿੰਗ ਲੈਂਦੀਆਂ ਸਰਕਾਰੀ ਹੋਸਟਲ 'ਚ ਰਹਿੰਦੀਆਂ ਲੜਕੀਆਂ ਨੇ ਆਪਣੀ ਸੁਰੱਖਿਆ ਲਈ ਵੀਰਵਾਰ ਸਵੇਰੇ ਕਰੀਬ 8 ਵਜੇ ਹਸਪਤਾਲ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ ਅਤੇ ਪ੍ਰਬੰਧਕੀ ਕੰਪਲੈਕਸ 'ਚ 2 ਘੰਟੇ ਲਗਾਤਾਰ ਧਰਨਾ ਦਿੱਤਾ। ਸਰਕਾਰੀ ਹੋਸਟਲ 'ਚ ਰਹਿੰਦੀਆਂ ਮਲਟੀਪਰਪਜ਼ ਹੈਲਥ ਵਰਕਰਾਂ ਫੀਮੇਲ ਸਾਲ ਪਹਿਲਾ ਅਤੇ ਦੂਜਾ, ਜੀ. ਐੱਨ. ਐੱਮ. ਸਾਲ ਪਹਿਲਾ, ਦੂਜਾ ਅਤੇ ਤੀਜਾ ਦੀਆਂ ਸਿਖਿਆਰਥਣਾਂ ਨੇ ਆਪਣੀ ਸੁਰੱਖਿਆ ਸਬੰਧੀ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਲੜਕੀਆਂ ਨੇ ਬਰਨਾਲਾ ਕੈਂਚੀਆਂ ਵਿਖੇ ਨੈਸ਼ਨਲ ਹਾਈਵੇ ਜਾਮ ਕਰਨ ਦਾ ਇਰਾਦਾ ਵੀ ਬਣਾਇਆ ਸੀ। 
ਕੀ ਹੈ ਮਾਮਲਾ : ਧਰਨੇ 'ਤੇ ਬੈਠੀਆਂ ਨਰਸਿੰਗ ਹੋਸਟਲ ਦੀਆਂ ਵਿਦਿਆਰਥਣਾਂ ਨੇ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 12-1 ਵਜੇ ਉਨ੍ਹਾਂ ਦੇ ਹੋਸਟਲ 'ਚ ਕੁਝ ਸ਼ਰਾਰਤੀ ਅਨਸਰ ਆ ਗਏ, ਜਿਨ੍ਹਾਂ ਨੇ ਲੜਕੀਆਂ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚੋਂ ਇਕ ਨੂੰ ਲੜਕੀਆਂ ਨੇ ਹਿੰਮਤ ਕਰ ਕੇ ਦਬੋਚ ਲਿਆ ਅਤੇ ਪਿੰ੍ਰਸੀਪਲ ਅਤੇ ਪੁਲਸ ਨੂੰ ਸੂਚਿਤ ਕੀਤਾ। ਪਿੰ੍ਰਸੀਪਲ ਅਤੇ ਹੋਰ ਸਟਾਫ ਦੀ ਹਾਜ਼ਰੀ 'ਚ ਦਬੋਚੇ ਵਿਅਕਤੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਰੋਸ ਪ੍ਰਗਟ ਕਰਦਿਆਂ ਲੜਕੀਆਂ ਨੇ ਦੱਸਿਆ ਕਿ ਹੋਸਟਲ ਵਿਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਦੀ ਇਹ ਪਹਿਲੀ ਘਟਨਾ ਨਹੀਂ ਹੈ । ਪਿਛਲੇ 2 ਢਾਈ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜਦੋਂ ਵੀ ਉਨ੍ਹਾਂ ਵੱਲੋਂ ਪਿੰ੍ਰਸੀਪਲ ਰਜਿੰਦਰ ਕੌਰ ਜਾਂ ਸਬੰਧਤ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਦਾ ਸੀ ਕਿ ਹੋਸਟਲ 'ਚ ਲੜਕਿਆਂ ਨੂੰ ਲੜਕੀਆਂ ਹੀ ਬੁਲਾਉਂਦੀਆਂ ਹਨ।
ਧਰਨਾਕਾਰੀ ਲੜਕੀਆਂ ਨੇ ਕਿਹਾ— ਪੁਲਸ 'ਤੇ ਭਰੋਸਾ ਨਹੀਂ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨੇ 'ਤੇ ਬੈਠੀਆਂ ਲੜਕੀਆਂ ਆਪਣੀ ਸੁਰੱਖਿਆ ਨੂੰ ਲੈ ਕੇ ਇੰਨੀਆਂ ਹਤਾਸ਼ ਸਨ ਕਿ ਉਨ੍ਹਾਂ ਨੇ ਪੁਲਸ ਵਿਭਾਗ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਧਰਨਾਕਾਰੀ ਲੜਕੀਆਂ ਉਸ ਸਮੇਂ ਹੋਰ ਗੁੱਸੇ 'ਚ ਆ ਗਈਆਂ ਜਦੋਂ ਥਾਣਾ ਸਿਟੀ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਜਿਸ ਲੜਕੀ ਨਾਲ ਘਟਨਾ ਵਾਪਰੀ ਹੈ, ਉਹ ਆਪਣਾ ਬਿਆਨ ਦਰਜ ਕਰਵਾਏ।  ਠੀਕ ਉਸੇ ਸਮੇਂ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਆਪਣੇ ਦਫਤਰ ਆ ਗਏ, ਜਿਨ੍ਹਾਂ ਨੇ ਧਰਨੇ ਬਾਰੇ ਜਾਣਕਾਰੀ ਮੰਗੀ, ਜਿਸ 'ਤੇ ਧਰਨਾਕਾਰੀਆਂ ਨੇ ਕਿਹਾ ਕਿ ਉਹ ਆਪਣੇ ਅਧਿਆਪਕਾਂ ਸਾਹਮਣੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰਨਗੀਆਂ। ਇਸ ਉਪਰੰਤ ਏ. ਡੀ. ਸੀ. ਉਨ੍ਹਾਂ ਨੂੰ ਆਪਣੇ ਦਫਤਰ ਲੈ ਗਏ, ਜਿਥੇ ਉਨ੍ਹਾਂ ਧਰਨਾਕਾਰੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਸੁਣੀਆਂ।  ਏ. ਡੀ. ਸੀ. ਨੂੰ ਧਰਨਾਕਾਰੀ ਲੜਕੀਆਂ ਨੇ ਦੱਸਿਆ ਕਿ ਹੋਸਟਲ ਵਾਰਡਨ ਦੀ ਸਹਾਇਕ ਬੀਬੀ ਦੋ ਹੋਸਟਲਾਂ ਦੀ ਇੰਚਾਰਜ ਹੈ ਅਤੇ ਉਹ ਦੂਸਰੇ ਹੋਸਟਲ ਵਿਚ ਰਾਤ ਸਮੇਂ ਚਲੀ ਜਾਂਦੀ ਹੈ। ਹੋਸਟਲ ਵਿਚ ਰਹਿੰਦੀਆਂ ਲੜਕੀਆਂ ਲਈ ਸਿਰਫ ਇਕ ਸਕਿਓਰਿਟੀ ਗਾਰਡ ਹੈ, ਜਿਸ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੁੱਟ-ਮਾਰ ਵੀ ਕੀਤੀ ਗਈ ਸੀ । ਲੜਕੀਆਂ ਨੇ ਦੋਸ਼ ਲਾਇਆ ਕਿ ਹੋਸਟਲ ਪ੍ਰਬੰਧਕਾਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਘਟਨਾ ਤੋਂ ਬਾਅਦ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਸੀ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਦੀ 'ਅਸੈੱਸਮੈਂਟ' ਵਿਚ ਜ਼ੀਰੋ ਲਾ ਦੇਣਗੇ।  ਏ. ਡੀ. ਸੀ. ਉਪਕਾਰ ਸਿੰਘ ਨੇ ਉਨ੍ਹਾਂ ਦੇ ਦਫਤਰ ਵਿਖੇ ਪੁੱਜੇ ਡੀ. ਐੱਸ. ਪੀ. ਸੰਦੀਪ ਵਡੇਰਾ ਨੂੰ ਹਦਾਇਤ ਕੀਤੀ ਕਿ ਲੜਕੀਆਂ ਨੂੰ ਪੁਲਸ ਕਾਰਵਾਈ ਤੋਂ ਦੂਰ ਰੱਖਦਿਆਂ ਟ੍ਰੇਨਿੰਗ ਸੈਂਟਰ ਦੇ ਪਿੰ੍ਰਸੀਪਲ ਦੇ ਬਿਆਨਾਂ 'ਤੇ ਪੁਲਸ ਕਾਰਵਾਈ ਕੀਤੀ ਜਾਵੇ। ਏ. ਡੀ. ਸੀ. ਵੱਲੋਂ ਦਿੱਤੇ ਸੁਰੱਖਿਆ ਦੇ ਭਰੋਸੇ ਤੋਂ ਬਾਅਦ ਧਰਨਾਕਾਰੀ ਲੜਕੀਆਂ ਵਾਪਸ ਆਪਣੇ ਹੋਸਟਲ ਚਲੀਆਂ ਗਈਆਂ।
ਸਟਾਫ ਦੀ ਘਾਟ ਕਾਰਨ ਵਾਪਰੀ ਘਟਨਾ : ਪਿੰ੍ਰਸੀਪਲ
ਕਾਲਜ ਪਿੰ੍ਰਸੀਪਲ ਰਜਿੰਦਰ ਕੌਰ ਨੇ ਕਿਹਾ ਕਿ ਹੋਸਟਲ ਵਿਚ ਆਨ ਕਾਲ ਹੋਸਟਲ ਵਾਰਡਨ ਪਹੁੰਚ ਜਾਂਦੀ ਹੈ। ਰਾਤ ਵਾਲੀ ਘਟਨਾ ਮੌਕੇ ਵੀ ਹੋਸਟਲ ਵਾਰਡਨ ਪਹੁੰਚ ਗਈ ਸੀ ਅਤੇ ਉਹ ਵੀ ਮੌਕੇ 'ਤੇ ਪੁੱਜ ਗਏ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਹੋਸਟਲ ਵਿਚ ਸ਼ਰਾਰਤੀ ਅਨਸਰ ਆਉਣ ਦੀ ਇਕ ਘਟਨਾ ਹੋਈ ਸੀ, ਜਿਸ ਦੀ ਪੜਤਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਹੋਸਟਲ ਵਿਚ ਰਹਿੰਦੀਆਂ ਲੜਕੀਆਂ ਨੂੰ ਕਦੇ ਨਹੀਂ ਕਿਹਾ ਕਿ ਹੋਸਟਲ ਵਿਚ ਲੜਕੀਆਂ ਲੜਕੇ ਬੁਲਾਉਂਦੀਆਂ ਹਨ। ਪਿੰ੍ਰਸੀਪਲ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜੋ ਘਟਨਾ ਹੋਸਟਲ ਵਿਚ ਵਾਪਰੀ ਹੈ, ਉਹ ਸਟਾਫ ਦੀ ਘਾਟ ਕਾਰਨ ਵਾਪਰੀ ਹੈ, ਜਿਸ ਪ੍ਰਤੀ ਉਹ ਵਿਭਾਗ ਨੂੰ ਸਮੇਂ-ਸਮੇਂ 'ਤੇ ਸੂਚਿਤ ਕਰਦੇ ਰਹੇ ਹਨ। 
ਲੜਕੀਆਂ ਦੀ ਸੁਰੱਖਿਆ ਲਈ ਪੀ. ਸੀ. ਆਰ. ਦੀ ਸਪੈਸ਼ਲ ਡਿਊੁਟੀ ਲਾਈ ਜਾਵੇਗੀ : ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਦੇ ਸਰਕਾਰੀ ਹੋਸਟਲ 'ਚ ਸ਼ਰਾਰਤੀ ਅਨਸਰ ਦੇ ਦਾਖਲ ਹੋਣ ਸਬੰਧੀ ਪਿੰ੍ਰਸੀਪਲ ਰਜਿੰਦਰ ਕੌਰ ਦੀ ਦਰਖਾਸਤ 'ਤੇ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹੋਸਟਲ ਵਿਚੋਂ ਫੜੇ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਹਰੇੜੀ ਨੂੰ ਗ੍ਰਿਫਤਾਰ ਕਰ ਲਿਆ ਹੈ । ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਪੀ. ਸੀ. ਆਰ. ਦੀ ਸਪੈਸ਼ਲ ਡਿਊੁਟੀ ਲਾਈ ਜਾਵੇਗੀ ।


Related News