'ਗਣਤੰਤਰ ਦਿਵਸ' 'ਤੇ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ 'ਚ ਤਬਦੀਲੀ, ਜਾਣੋ ਨਵਾਂ ਸ਼ਡਿਊਲ

01/25/2020 10:03:21 AM

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਨੇ 'ਗਣਤੰਤਰ ਦਿਵਸ' ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਮੰਤਰੀਆਂ ਵਲੋਂ ਤਿਰੰਗਾ ਲਹਿਰਾਉਣ ਦੇ ਆਪਣੇ ਪਹਿਲੇ ਨਿਰਦੇਸ਼ਾਂ 'ਚ ਕੁਝ ਅੰਸ਼ਿਕ ਸੋਧ ਕਰਦਿਆਂ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ 'ਚ ਤਬਦੀਲੀ ਕੀਤੀ ਹੈ। ਪਤਾ ਲੱਗਿਆ ਹੈ ਕਿ ਕੁਝ ਮੰਤਰੀਆਂ ਨੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਜ਼ਿਲਿਆਂ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਆਪਣੀ ਪਸੰਦ ਦੇ ਜ਼ਿਲੇ ਮੰਗੇ ਸਨ, ਜਿਸ ਤੋਂ ਬਾਅਦ ਇਹ ਤਬਦੀਲੀ ਕੀਤੀ ਗਈ ਹੈ।

ਸੋਧ ਮੁਤਾਬਕ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਗੁਰਦਾਸਪੁਰ ਵਿਖੇ, ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੋਹਾਲੀ ਵਿਖੇ ਝੰਡਾ ਲਹਿਰਾਉਣਗੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਹੁਸ਼ਿਆਰਪੁਰ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਰੀਦਕੋਟ ਵਿਖੇ ਝੰਡਾ ਲਹਿਰਾਉਣਗੇ। ਇਸੇ ਤਰ੍ਹਾਂ ਕੈਬਨਿਟ ਮੰਤਰੀਆਂ 'ਚ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਫਤਿਹਗੜ੍ਹ• ਸਾਹਿਬ ਵਿਖੇ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਲੰਧਰ, ਮੈਡੀਕਲ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਸੰਗਰੂਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਮੁਕਤਸਰ ਸਾਹਿਬ, ਖੇਡਾਂ ਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਰੂਪਨਗਰ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਫਿਰੋਜ਼ਪੁਰ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਐਸ. ਬੀ. ਐਸ ਨਗਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅੰਮ੍ਰਿਤਸਰ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਬਠਿੰਡਾ, ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਪਟਿਆਲਾ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਬਰਨਾਲਾ ਅਤੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ  ਭਾਰਤ ਭੂਸ਼ਣ ਆਸ਼ੂ ਮਾਨਸਾ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਇਸੇ ਦੌਰਾਨ ਪੰਜਾਬ ਸਰਕਾਰ ਨੇ ਅੱਜ ਇਕ ਪੱਤਰ ਜਾਰੀ ਕਰਕੇ ਗਣਤੰਤਰ ਦਿਵਸ ਮੌਕੇ ਝੰਡਾ ਚੜਾਉਣ ਵਿੱਚ ਪਹਿਲਾਂ ਲਗਾਈਆਂ ਡਿਊਟੀਆਂ ਵਿੱਚ ਅੰਸ਼ਿਕ ਸੋਧ ਕੀਤੀ ਹੈ। ਜਾਰੀ ਪੱਤਰ ਅਨੁਸਾਰ 26 ਜਨਵਰੀ ਨੂੰ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਠਾਨਕੋਟ ਵਿਖੇ ਝੰਡਾ ਲਹਿਰਾਉਣਗੇ। ਇਸ ਤੋਂ ਇਲਾਵਾ ਅਰੁਣਾ ਚੌਧਰੀ ਲੁਧਿਆਣਾ ਵਿਖੇ, ਗੁਰਪ੍ਰੀਤ ਸਿੰਘ ਕਾਂਗੜ ਮੋਗਾ ਵਿਖੇ ਅਤੇ ਸੁਖਜਿੰਦਰ ਸਿੰਘ ਰੰਧਾਵਾ ਜਲੰਧਰ ਵਿਖੇ ਝੰਡਾ ਲਹਿਰਾਉਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਿੱਤੀ।
 


Babita

Content Editor

Related News