ਰਜਿਸਟਰੀ ਦਫਤਰ ’ਚ ਧਰਨਾ, ਕਈ ਘੰਟੇ ਬੰਦ ਰਿਹਾ ਕੰਮ

Friday, Jul 27, 2018 - 01:21 AM (IST)

ਰਜਿਸਟਰੀ ਦਫਤਰ ’ਚ ਧਰਨਾ, ਕਈ ਘੰਟੇ ਬੰਦ ਰਿਹਾ ਕੰਮ

 ਅੰਮ੍ਰਿਤਸਰ,  (ਨੀਰਜ)-  ਅੱਜ ਰਜਿਸਟਰੀ ਦਫਤਰ-2 ’ਚ 2 ਗਰੁੱਪਾਂ ਵਿਚ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਵਿਵਾਦ ਇਸ ਪੱਧਰ ’ਤੇ ਪਹੁੰਚ ਗਿਆ ਕਿ ਇਕ ਗਰੁੱਪ ਸਬ-ਰਜਿਸਟਰਾਰ-2 ਦੇ ਦਫਤਰ ਦੇ ਅੰਦਰ ਹੀ ਧਰਨੇ ’ਤੇ ਬੈਠ ਗਿਆ, ਜਿਸ ਕਾਰਨ ਕਈ ਘੰਟਿਅਾਂ ਤੱਕ ਰਜਿਸਟਰੀ ਦਫਤਰ ਦਾ ਕੰਮ ਬੰਦ ਰਿਹਾ। ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਅਾਂ ਅਸਿਸਟੈਂਟ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਤੇ ਐੱਸ. ਡੀ. ਐੱਮ. ਵਿਕਾਸ ਹੀਰਾ ਨੇ ਮੌਕੇ ’ਤੇ ਆ ਕੇ ਪੁਲਸ ਬਲ ਦੇ ਸਹਿਯੋਗ ਨਾਲ ਧਰਨਾ ਚੁੱਕਿਆ। 
ਜਾਣਕਾਰੀ ਅਨੁਸਾਰ ਬਖਸ਼ੀਸ਼ ਸਿੰਘ  (85) ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਸਬ-ਰਜਿਸਟਰਾਰ-2 ਦੇ ਦਫਤਰ ਵਿਚ ਆਇਆ ਸੀ ਪਰ ਉਸ ਦੇ ਬੇਟੇ ਨਿਰਮਲ ਸਿੰਘ ਤੇ ਮਹਿੰਦਰ ਸਿੰਘ  ਵੱਲੋਂ ਰਜਿਸਟਰੀ ਰੋਕਣ ਲਈ ਸਬ-ਰਜਿਸਟਰਾਰ ਨੂੰ ਅਪੀਲ ਕੀਤੀ ਗਈ ਸੀ, ਇਸ ਤੋਂ ਇਲਾਵਾ ਐੱਸ. ਪੀ.  (ਡੀ) ਰੂਰਲ ਨੇ ਵੀ ਸਬ-ਰਜਿਸਟਰਾਰ ਨੂੰ ਰਜਿਸਟਰੀ ਨਾ ਕਰਨ ਲਈ ਫੋਨ ਕੀਤਾ ਸੀ ਕਿਉਂਕਿ ਬਖਸ਼ੀਸ਼ ਸਿੰਘ ਦੇ ਲਡ਼ਕਿਆਂ ਨੇ ਪੁਲਸ ਵਿਚ ਆਪਣੇ ਪਿਤਾ ਿਕਾਇਤ ਕਰ ਰੱਖੀ ਸੀ। ਇਸ ਦੌਰਾਨ ਬਖਸ਼ੀਸ਼ ਸਿੰਘ ਨਾਲ ਆਏ ਕੌਂਸਲਰ  ਸ਼ਵੀ ਢਿੱਲੋਂ ਨੇ ਸਬ-ਰਜਿਸਟਰਾਰ ਨੂੰ ਰਜਿਸਟਰੀ ਕਰਨ ਲਈ ਦਬਾਅ ਬਣਾਇਆ ਪਰ ਸਬ-ਰਜਿਸਟਰਾਰ ਨੇ ਕਾਨੂੰਨੀ ਅਡ਼ਚਨ ਬਿਆਨ ਕਰਦੇ ਹੋਏ ਆਪਣੀ ਮਜਬੂਰੀ ਦੱਸੀ, ਜਿਸ ਤੋਂ ਬਾਅਦ ਸ਼ਵੀ ਢਿੱਲੋਂ ਨੇ ਰਜਿਸਟਰੀ ਦਫਤਰ ਵਿਚ ਹੀ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਘੰਟਿਆਂ ਤੱਕ ਰਜਿਸਟਰੀ ਦਫਤਰ ਦਾ ਕੰਮ ਬੰਦ ਰਿਹਾ। 
ਸਬ-ਰਜਿਸਟਰਾਰ ’ਤੇ ਲਾਇਆ 50 ਹਜ਼ਾਰ ਮੰਗਣ ਦਾ ਦੋਸ਼
 ਬਖਸ਼ੀਸ਼ ਸਿੰਘ ਤੇ ਉਸ ਦੇ ਸਮਰਥਨ ’ਚ ਆਏ ਸ਼ਵੀ ਢਿੱਲੋਂ ਨੇ ਸਬ-ਰਜਿਸਟਰਾਰ-2 ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਤੇ ਕਿਹਾ ਕਿ ਸਬ-ਰਜਿਸਟਰਾਰ ਬਿਨਾਂ ਐੱਨ. ਓ. ਸੀ.  ਦੇ ਰਜਿਸਟਰੀ ਕਰ ਰਹੇ ਹਨ, ਜਿਸ ਖਿਲਾਫ ਉਹ ਹਾਈ ਕੋਰਟ ਜਾਣਗੇ ਅਤੇ ਡੀ. ਸੀ. ਦਫਤਰ ਵਿਚ ਭੁੱਖ ਹਡ਼ਤਾਲ ਵੀ ਕਰਨਗੇ।  ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਰੇ ਕਾਨੂੰਨੀ ਰਸਮਾਂ ਪੂਰੀਅਾਂ ਕਰਨ ਤੋਂ ਬਾਅਦ ਹੀ ਰਜਿਸਟਰੀ ਕਰਵਾਉਣ ਲਈ ਆਏ ਹਨ ਪਰ ਸਬ-ਰਜਿਸਟਰਾਰ ਰਜਿਸਟਰੀ ਕਰਨ ਤੋਂ ਮਨ੍ਹਾ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਸਾਰੀ ਧਾਂਦਲੀ ਦੀ ਪੋਲ ਖੋਲ੍ਹਣਗੇ।

 ਧਰਨੇ ਕਾਰਨ ਕਈ ਘੰਟੇ ਪ੍ਰੇਸ਼ਾਨ ਹੋਏ ਲੋਕ
ਰਜਿਸਟਰੀ ਦਫਤਰ ਵਿਚ ਦਿੱਤੇ ਗਏ ਧਰਨੇ ਕਾਰਨ ਘੰਟਿਆਂ ਤੱਕ ਲੋਕ ਪ੍ਰੇਸ਼ਾਨ ਹੁੰਦੇ ਰਹੇ ਕਿਉਂਕਿ ਦਫਤਰ ਦਾ ਕੰਮ ਬੰਦ ਹੋ ਗਿਆ ਸੀ। ਲੋਕ ਕੰਮ ਸ਼ੁਰੂ ਕਰਨ ਵਾਲਿਆਂ ਦਾ ਇੰਤਜ਼ਾਰ ਕਰਦੇ ਰਹੇ, ਜਿਨ੍ਹਾਂ ਵਿਚ ਕਈ ਬਜ਼ੁਰਗ ਤੇ ਬੀਮਾਰ ਵੀ ਸ਼ਾਮਿਲ ਸਨ ਪਰ ਉਨ੍ਹਾਂ ਦੀ ਰਜਿਸਟਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ 12 ਰਜਿਸਟਰੀਆਂ ਦੀ ਅਪੁਆਇੰਟਮੈਂਟ ਧਰਨੇ ਕਾਰਨ ਰੱਦ ਹੋ ਗਈ।

 ਸਬ-ਰਜਿਸਟਰਾਰ ਸਿੱਧੂ ਦੇ ਸਮਰਥਨ ’ਚ ਆਈ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ
ਸ਼ਵੀ ਢਿੱਲੋਂ ਤੇ ਉਨ੍ਹਾਂ ਦੇ ਸਾਥੀਆਂ  ਵੱਲੋਂ ਦਿੱਤੇ ਗਏ ਧਰਨੇ ਖਿਲਾਫ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਸਬ-ਰਜਿਸਟਰਾਰ ਮਨਿੰਦਰ ਸਿੰਘ ਸਿੱਧੂ ਦੇ ਸਮਰਥਨ ਵਿਚ ਆ ਗਈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ  ਸੰਧੂ ਨੇ ਕਿਹਾ ਕਿ ਸਬ-ਰਜਿਸਟਰਾਰ ਕਾਨੂੰਨ ਅਨੁਸਾਰ ਕੰਮ ਕਰ ਰਹੇ ਹਨ, ਜੇਕਰ ਬਖਸ਼ੀਸ਼ ਸਿੰਘ ਤੇ ਸ਼ਵੀ ਢਿੱਲੋਂ ਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਡੀ. ਸੀ. ਅਤੇ ਐੱਸ. ਡੀ. ਐੱਮ. ਨੂੰ ਕਰ ਸਕਦੇ ਸਨ। ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਸਾਰੇ ਧਰਨੇ ਦੀ ਰਜਿਸਟਰੀ ਦਫਤਰ ਵਿਚ ਸੀ. ਸੀ. ਟੀ. ਵੀ. ਫੁਟੇਜ ਮੌਜੂਦ ਹੈ, ਜਿਸ ਨੂੰ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਜਾਵੇਗਾ। 

ਵਸੀਕਾ ਨਵੀਸ ਯੂਨੀਅਨ ਨੇ ਕੀਤਾ ਸਬ-ਰਜਿਸਟਰਾਰ ਦਾ ਸਮਰਥਨ
 ਵਸੀਕਾ ਨਵੀਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਰੇਸ਼ ਸ਼ਰਮਾ ਨੇ ਸਬ-ਰਜਿਸਟਰਾਰ  ਦੇ ਪੱਖ ’ਚ ਸਮਰਥਨ ਦਿੰਦੇ ਹੋਏ ਕਿਹਾ ਕਿ ਰਜਿਸਟਰੀ ਦਫਤਰ ਵਿਚ ਸਾਰੇ ਵਸੀਕਾ ਨਵੀਸ ਐੱਨ. ਓ. ਸੀ. ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਲਾਉਣ ਤੋਂ ਬਾਅਦ ਹੀ ਰਜਿਸਟਰੀ ਕਰਵਾਉਂਦੇ ਹਨ। ਜਿਸ ਰਜਿਸਟਰੀ ਨਾਲ ਐੱਨ. ਓ. ਸੀ. ਨਹੀਂ ਹੁੰਦੀ ਹੈ ਉਸ ਦੀ ਰਜਿਸਟਰੀ ਨਹੀਂ ਕੀਤੀ ਜਾਂਦੀ। ਸਬ-ਰਜਿਸਟਰਾਰ ਬਿਨਾਂ ਐੱਨ. ਓ. ਸੀ. ਰਜਿਸਟਰੀ ਨਹੀਂ ਕਰਦੇ। ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਕਿ ਐੱਨ. ਓ. ਸੀ. ਨੂੰ ਖੋਲ੍ਹਿਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਐੱਨ. ਓ. ਸੀ. ਨਾ ਹੋਣ ਕਾਰਨ ਜ਼ਮੀਨੀ ਵਿਵਾਦ ਵੀ ਸ਼ੁਰੂ ਹੋ ਗਏ ਹਨ।   


Related News