ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਡੀ. ਸੀ. ਦਫਤਰ ਮੂਹਰੇ ਧਰਨਾ ਪ੍ਰਦਰਸ਼ਨ

04/04/2018 4:42:13 AM

ਤਰਨਤਾਰਨ, (ਆਹਲੂਵਾਲੀਆ)- ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ 'ਚ ਰੋਸ ਮਾਰਚ ਕਰ ਕੇ ਡੀ. ਸੀ. ਦਫਤਰ ਤਰਨਤਾਰਨ ਮੂਹਰੇ ਧਰਨਾ ਪ੍ਰਦਰਸ਼ਨ ਕਾਮਰੇਡ ਕੁਲਵੰਤ ਸਿੰਘ ਗੋਹਲਵੜ, ਬਲਦੇਵ ਸਿੰਘ, ਚਰਨ ਸਿੰਘ ਅਕਬਰਪੁਰ, ਸਰਵਨ ਸਿੰਘ ਘਰਿਆਲਾ ਤੇ ਬਲਵਿੰਦਰ ਕੌਰ ਪੰਡੋਰੀ ਦੀ ਅਗਵਾਈ 'ਚ ਕੀਤਾ ਗਿਆ ਅਤੇ ਮੰਗ-ਪੱਤਰ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੂੰ ਸੌਂਪਿਆ। 
ਇਕੱਠ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜ਼ਿਲਾ ਪ੍ਰਧਾਨ ਬਲਦੇਵ ਸਿੰਘ ਗੋਹਲਵੜ ਤੇ ਗੁਰਨਾਮ ਸਿੰਘ ਆਦਿ ਨੇ ਸੋਬੰਧਨ ਕਰਦੇ ਕਿਹਾ ਕਿ ਰਜਿਸਟਰਡ ਨਿਰਮਾਣ ਮਜ਼ਦੂਰਾਂ ਦੀਆਂ ਸਹੂਲਤਾਂ ਦੇ ਸਾਰੇ ਫਾਰਮ ਤੇ ਨਵੀਂ ਰਜਿਸਟ੍ਰੇਸ਼ਨ ਆਨਲਾਈਨ ਕਰਨ ਨਾਲ ਮਜ਼ਦੂਰਾਂ ਦੀ ਖੱਜਲ-ਖੁਆਰੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਸਟਮ ਆਨਲਾਈਨ ਹੋਣ ਦੇ ਨਾਲ-ਨਾਲ ਆਫਲਾਈਨ ਵੀ ਹੋਣਾ ਚਾਹੀਦਾ ਹੈ। ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਸਕੀਮਾਂ ਦੇ ਫਾਰਮ ਭਰ ਕੇ ਮਜ਼ਦੂਰਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤੇ ਨਵੀਂ ਰਜਿਸਟ੍ਰੇਸ਼ਨ ਵੀ ਵਿਭਾਗ ਵੱਲੋਂ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਰੈਗੂਲਰ ਤੇ ਪੱਕੇ ਰੋਜ਼ਗਾਰ ਦੀ ਬਜਾਏ ਬੀਤੇ ਦਿਨੀਂ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼ਰਤਾਂ ਦੇ ਆਧਾਰ 'ਤੇ ਰੋਜ਼ਗਾਰ ਦੇਣ ਦੇ ਫੈਸਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਿਆ ਜਾਵੇ। 
ਉਨ੍ਹਾਂ ਕੇਂਦਰ ਸਰਕਾਰ ਕੋਲੋਂ ਇਹ ਵੀ ਮੰਗ ਕੀਤੀ ਕਿ ਐੱਸ. ਸੀ./ਐੱਸ. ਟੀ. ਐਕਟ ਸਬੰਧੀ ਰੀਵਿਊ ਪਟੀਸ਼ਨ ਦਾਖਲ ਕਰ ਕੇ ਇਸ ਐਕਟ ਨੂੰ ਐੱਸ. ਸੀ./ਐੱਸ. ਟੀ. ਭਾਈਚਾਰੇ ਦੇ ਹੱਕ 'ਚ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਝਾਮਕਾ, ਸੁਖਵਿੰਦਰ ਸਿੰਘ ਜੰਡੋਕੇ, ਗੁਰਨਾਮ ਸਿੰਘ, ਦਿਲਬਾਗ ਸਿੰਘ ਪੰਡੋਰੀ, ਰਾਣੀ ਠੱਠਾ, ਹਰਜੀਤ ਕੌਰ ਸ਼ਹੀਦ, ਤਰਲੋਚਨ ਸਿੰਘ, ਮਨਜੀਤ ਕੌਰ ਤੇ ਗੁਰਜੀਤ ਸਿੰਘ ਪਲਾਸੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


Related News