ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਰਵਨੀਤ ਸਿੰਘ ਬਿੱਟੂ ਦੀ RTO ਨਾਲ ਤਿੱਖੀ ਬਹਿਸ (ਵੀਡੀਓ)
Tuesday, Nov 10, 2026 - 05:28 PM (IST)
ਪਟਿਆਲਾ (ਸੁਖਮੀਤ): ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪਟਿਆਲਾ ਦੇ RTO ਦਫ਼ਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਹੁੰਚੇ, ਜਿੱਥੇ ਉਨ੍ਹਾਂ ਦੀ RTO ਮੈਡਮ ਨਾਲ ਤਿੱਖੀ ਬਹਿਸ ਹੋਈ ਅਤੇ ਦੋਵਾਂ ਵਿਚਾਲੇ ਕਾਫ਼ੀ ਤੂੰ-ਤੂੰ ਮੈਂ-ਮੈਂ ਦੇਖਣ ਨੂੰ ਮਿਲੀ। ਇਸ ਦੌਰਾਨ ਦਫ਼ਤਰ ਦਾ ਮਾਹੌਲ ਵੀ ਕਾਫ਼ੀ ਤਣਾਅਪੂਰਨ ਹੋ ਗਿਆ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਵਾਹਨਾਂ ਦੇ ਰੂਟ ਪਰਮਿਟ ਲੈਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਆਮ ਜਨਤਾ ਕਾਫ਼ੀ ਪ੍ਰੇਸ਼ਾਨ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਇਹ ਗੰਭੀਰ ਮਾਮਲਾ RTO ਮੈਡਮ ਦੇ ਸਾਹਮਣੇ ਚੁੱਕਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ RTO ਵਿਭਾਗ ਦੇ ਅਧੀਨ ਇਕ ਪੂਰਾ ਨੈਕਸਸ ਕੰਮ ਕਰ ਰਿਹਾ ਹੈ, ਜਿਸ ਵਿਚ ਕਥਿਤ ਤੌਰ 'ਤੇ ਆਗੂਆਂ, ਅਧਿਕਾਰੀਆਂ ਜਾਂ ਵਿਚੋਲਿਆਂ ਦੀ ਮਿਲੀਭੁਗਤ ਹੋ ਸਕਦੀ ਹੈ। ਇਹ ਗਠਜੋੜ ਆਮ ਲੋਕਾਂ ਦੇ ਜਾਇਜ਼ ਕੰਮ ਵੀ ਨਹੀਂ ਹੋਣ ਦੇ ਰਿਹਾ।
ਬਿੱਟੂ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਲੋਕਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਦੂਰ ਕਰਵਾਉਣ ਲਈ ਹੀ ਉਹ ਖੁਦ ਅੱਜ ਇੱਥੇ ਪਹੁੰਚੇ ਹਨ ਅਤੇ ਅੱਗੇ ਵੀ ਲਗਾਤਾਰ ਆਉਂਦੇ ਰਹਿਣਗੇ, ਕਿਉਂਕਿ ਇਸ ਵਿਭਾਗ ਦੀ ਕਾਰਜਪ੍ਰਣਾਲੀ ਤੋਂ ਵੱਡੀ ਗਿਣਤੀ ਵਿਚ ਲੋਕ ਦੁਖੀ ਹਨ।
