ਬੇਅਦਬੀ ਦੇ ਮੁਲਜ਼ਮ ਚੋਣ ਵਾਅਦਿਆਂ ਲਈ ਉਛਾਲ ਰਹੇ ਨੇ ਪੱਗ ਦਾ ਮੁੱਦਾ : ਬਿੱਟੂ

10/14/2019 1:07:16 AM

ਲੁਧਿਆਣਾ,(ਜ. ਬ.): ਹਲਕਾ ਕਾਂਗਰਸ ਦੇ ਦੋ ਧੜਿਆਂ ਦੀ ਝੜਪ ਤੋਂ ਬਾਅਦ ਇਕ ਨੌਜਵਾਨ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕੁੱਟ-ਮਾਰ ਦੇ ਦੋਸ਼ ਲਾਉਣ ਦੇ ਮਾਮਲੇ 'ਚ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਲਟ ਵਾਰ ਕੀਤਾ ਹੈ। ਇਥੇ ਇਹ ਦੱਸਣਾ ਉਚਿੱਤ ਹੋਵੇਗਾ ਕਿ ਐਤਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਸਿੱਖਾਂ ਦੀ ਪੱਗ ਉਛਾਲਣ ਦਾ ਦੋਸ਼ ਲਾਇਆ ਹੈ। ਇਸ 'ਤੇ ਬਿੱਟੂ ਨੇ ਕਿਹਾ ਕਿ ਜਿਸ ਅਕਾਲੀ ਦਲ ਦੇ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਹਨ, ਉਨ੍ਹਾਂ ਦੇ ਨੇਤਾ ਹੁਣ ਚੋਣਾਂ 'ਚ ਫਾਇਦਾ ਲੈਣ ਲਈ ਪੱਗ ਦਾ ਮੁੱਦਾ ਉਛਾਲ ਰਹੇ ਹਨ।

ਜੋ ਨੌਜਵਾਨ ਆਸ਼ੂ ਦੇ ਖਿਲਾਫ ਦੋਸ਼ ਲਾ ਰਿਹਾ ਹੈ, ਉਸ ਵੱਲੋਂ ਵਾਇਰਲ ਕੀਤੀ ਜਾ ਰਹੀ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ। ਇਸ ਦੇ ਬਾਵਜੂਦ ਉਸ ਦਾ ਸਮਰਥਨ ਕਰਨ ਵਾਲੇ ਕਿਸ ਮਰਿਆਦਾ ਦੀ ਗੱਲ ਕਰ ਰਹੇ ਹਨ? ਉਕਤ ਨੌਜਵਾਨ ਨੇ ਸਾਜ਼ਿਸ਼ ਦੇ ਤਹਿਤ ਹੰਗਾਮਾ ਕੀਤਾ ਸੀ, ਜਿਸ ਨੂੰ ਲੈ ਕੇ ਦੂਜੇ ਪੱਖ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕੀਤਾ ਹੈ। ''ਨੌਜਵਾਨ ਵੱਲੋਂ ਲਾਏ ਜਾ ਰਹੇ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਉਸ ਨੂੰ ਅਕਾਲੀ ਦਲ ਵੱਲੋਂ ਕਾਂਗਰਸ 'ਚ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਾਮਯਾਬ ਨਹੀਂ ਹੋ ਸਕੀ ਅਤੇ ਉਸ ਨੌਜਵਾਨ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਉਸ ਦੇ ਖਿਲਾਫ ਕੇਸਾਂ ਦੀ ਡਿਟੇਲ ਚੈੱਕ ਕਰਨੀ ਚਾਹੀਦੀ ਹੈ।''


Related News