ਕੇਂਦਰੀ ਰਾਜ ਮੰਤਰੀ ਦੀ ਕੋਠੀ ਘੇਰਣ ਜਾ ਰਹੇ ਰਵਿਦਾਸ ਭਾਈਚਾਰੇ ਦੀ ਪੁਲਸ ਨਾਲ ਧੱਕਾ-ਮੁੱਕੀ

Wednesday, Aug 28, 2019 - 06:52 PM (IST)

ਕੇਂਦਰੀ ਰਾਜ ਮੰਤਰੀ ਦੀ ਕੋਠੀ ਘੇਰਣ ਜਾ ਰਹੇ ਰਵਿਦਾਸ ਭਾਈਚਾਰੇ ਦੀ ਪੁਲਸ ਨਾਲ ਧੱਕਾ-ਮੁੱਕੀ

ਫਗਵਾੜਾ (ਹਰਜੋਤ) —ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਬਹੁਜਨ ਫ਼ਰੰਟ ਪੰਜਾਬ ਵਲੋਂ ਸੰਤ ਸਮਾਜ ਨਾਲ ਮਿਲ ਕੇ ਸਥਾਨਕ ਸਰਕਾਰੀ ਰੈਸਟ ਹਾਊਸ ਦੇ ਬਾਹਰ ਧਰਨਾ ਲਾ ਕੇ ਮੰਦਰ ਨੂੰ ਮੁੜ ਬਣਾਉਣ ਦੀ ਮੰਗ ਰੱਖੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਰਬਨ ਅਸਟੇਟ ’ਚ ਸਥਿਤ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਨੇ ਭਾਰੀ ਫ਼ੋਰਸ ਤਾਇਨਾਤ ਕਰਕੇ ਕੋਠੀ ਤੋਂ 150 ਮੀਟਰ ਦੀ ਦੂਰੀ ’ਤੇ ਹੀ ਰੋਕ ਲਿਆ।       
ਸ਼੍ਰੋਮਣੀ ਰਵਿਦਾਸ ਮੰਦਰ ਚੱਕ ਹਕੀਮ ਤੋਂ ਅਰਦਾਸ ਕਰ ਕੇ ਰੈਸਟ ਹਾਊਸ ਲਈ ਰਵਾਨਾ ਹੋਣ ਸਮੇਂ ਸੰਤ ਸਮਾਜ ਦੇ ਆਗੂ ਸੰਤ ਮਹਿੰਦਰਪਾਲ ਜੀ, ਸੰਤ ਕਿਸ਼ਨ ਦਾਸ ਜੀ, ਸੰਤ ਸੀਤਲ ਦਾਸ ਜੀ ਕਾਲੇਵਾਲ ਭਗਤਾਂ, ਸੰਤ ਜਸਵਿੰਦਰ ਸਿੰਘ ਜੀ ਡਾਡੀਆਂ, ਸੰਤ ਟਹਿਲ ਦਾਸ ਜੀ ਨੰਗਲ ਖੇਡ਼ਾ, ਸੰਤ ਪਿੱਪਲ ਸ਼ਾਹ ਜੀ, ਸੰਤ ਤਾਰਾ ਚੰਦ ਸੰਗਲਾ ਜੀ ਨੇ ਸੰਗਤਾਂ ਨੂੰ ਕੇਂਦਰੀ ਮੰਤਰੀ ਦੀ ਕੋਠੀ ਦਾ ਘਿਰਾਓ ਅਮਨ-ਸ਼ਾਂਤੀ ਨਾਲ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਵੀ ਸ਼ਾਮਲ ਹੋਏ। ਇਹ ਕਾਫ਼ਲਾ ਜੀ. ਟੀ. ਰੋਡ ਤੋਂ ਹੁੰਦਾ ਹੋਇਆ ਅਰਬਨ ਅਸਟੇਟ ਪੁੱਜਾ, ਜਿਥੇ ਪੁਲਸ ਨੇ ਇਨ੍ਹਾਂ ਨੂੰ ਕੋਠੀ ਦੇ ਨਜ਼ਦੀਕ ਪੁੱਜਣ ਨਹੀਂ ਦਿੱਤਾ। ਮੁਜ਼ਾਹਰਾਕਾਰੀਆਂ ਨੇ ਕੋਠੀ ਦੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨਾਲ ਹੋਈ ਤਿੱਖੀ ਝਡ਼ਪ ਤੇ ਧੱਕਾ ਮੁੱਕੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ।

PunjabKesari

ਸੋਮ ਪ੍ਰਕਾਸ਼ ਜੇਕਰ ਉਕਤ ਮਾਮਲੇ ਨੂੰ ਲੈ ਕੇ ਬੇਵਸ ਹਨ ਤਾਂ ਦੇਣ ਆਪਣੇ ਅਹੁਦੇ ਤੋਂ ਅਸਤੀਫਾ : ਆਗੂ
ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਜਰਨੈਲ ਨੰਗਲ, ਸੁਖਵਿੰਦਰ ਸਿੰਘ ਕੋਟਲੀ, ਯਸ਼ ਬਰਨਾ, ਹਰਭਜਨ ਸੁਮਨ, ਸੁਰਿੰਦਰ ਢੰਡਾ, ਹਰਭਜਨ ਖਲਵਾਡ਼ਾ, ਤਰਸੇਮ ਪੱਪੂ ਨੇ ਕਿਹਾ ਕਿ ਜੇਕਰ ਸੋਮ ਪ੍ਰਕਾਸ਼ ਉਕਤ ਮਾਮਲੇ ਨੂੰ ਲੈ ਕੇ ਬੇਵਸ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਰਵ ਸਮਾਜ ਨਾਲ ਮੰਦਰ ਦੇ ਮੁੜ ਨਿਰਮਾਣ ’ਚ ਸਹਾਇਕ ਬਣਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੇਨ ਮਕਸਦ ਪੁਰੀ ਮਰਿਆਦਾ ਨਾਲ ਉਸੇ ਸਥਾਨ ’ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਮੁੜ ਉਥੇ ਹੀ ਨਿਰਮਾਣ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਜਿਹੇ ਅੰਦੋਲਨ ਹੁੰਦੇ ਰਹਿਣਗੇ। ਕੇਂਦਰ ’ਚ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ ਅਤੇ ਆਪਣੇ ਆਪ ਨੂੰ ਦਲਿਤ ਆਗੂ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਸੋਮ ਪ੍ਰਕਾਸ਼ ਕੇਂਦਰ ਸਰਕਾਰ ਤੋਂ ਸਮਾਂ ਮਿੱਥ ਕੇ ਮੰਦਰ ਨੂੰ ਮੁਡ਼ ਬਣਾਉਣ ਦਾ ਭਰੋਸਾ ਲੈਣ ਨਹੀਂ ਤਾਂ ਮੰਤਰੀ ਮੰਡਲ ਦਾ ਅਹੁਦਾ ਤਿਆਗਣ।

PunjabKesari

ਏ. ਡੀ. ਸੀ. ਨੂੰ ਮੰਗ-ਪੱਤਰ ਦੇਣ ਉਪਰੰਤ ਧਰਨਾ ਸਮਾਪਤ
ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦਾ ਕੋਠੀ ’ਚ ਹਾਜ਼ਰ ਨਾ ਹੋਣ ਕਾਰਨ ਮੁਜ਼ਾਹਰਾਕਾਰੀਆਂ ਵੱਲੋਂ ਨਵੀਂ ਦਿੱਲੀ ’ਚ ਰਵਿਦਾਸ ਮੰਦਰ ਨੂੰ ਮੁੜ ਬਣਾਉਣ ਦੀ ਮੰਗ ਲੈ ਕੇ ਏ. ਡੀ. ਸੀ. ਬਬਿਤਾ ਕਲੇਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਮੰਗ-ਪੱਤਰ ਦੇਣ ਉਪਰੰਤ ਮੁਜ਼ਾਹਰਾਕਾਰੀਆਂ ਨੇ ਸ਼ਾਮ 4.30 ਵਜੇ ਧਰਨਾ ਸਮਾਪਤ ਕਰ ਦਿੱਤਾ। ਗੱਲਬਾਤ ਕਰਦਿਆਂ ਜਰਨੈਲ ਨੰਗਲ ਨੇ ਦੱਸਿਆ ਕਿ ਅਗਲਾ ਧਰਨਾ 31 ਅਗਸਤ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਰਿਹਾਇਸ਼ ਅੱਗੇ ਦਿੱਤਾ ਜਾਵੇਗਾ।
ਪੁਲਸ ਨੇ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ
ਪ੍ਰਦਰਸ਼ਨ ਨੂੰ ਲੈ ਕੇ ਪੁਲਸ ਵੱਲੋਂ ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਸਵੇਰ ਤੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਅਤੇ ਅਰਬਨ ਅਸਟੇਟ ਇਲਾਕੇ ’ਚ ਕੇਂਦਰੀ ਮੰਤਰੀ ਦੀ ਕੋਠੀ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਫ਼ੋਰਸ ਤਾਇਨਾਤ ਕੀਤੀ ਹੋਈ ਸੀ ਤੇ ਦੰਗਾ ਰੋਕੂ ਵਾਹਨ, ਫ਼ਾਇਰਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਸਨ। ਐੱਸ. ਪੀ. ਢਿੱਲੋਂ ਨੇ ਦੱਸਿਆ ਕਿ ਕਰੀਬ 400 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਭੰਗ ਨਾ ਹੋ ਸਕੇ।


author

shivani attri

Content Editor

Related News