ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨਾਲ ਜਬਰ-ਜ਼ਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰ ''ਤੀ ਵਾਇਰਲ

Sunday, Aug 04, 2024 - 11:28 PM (IST)

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨਾਲ ਜਬਰ-ਜ਼ਨਾਹ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕਰ ''ਤੀ ਵਾਇਰਲ

ਟਾਂਡਾ ਉੜਮੁੜ, (ਵਰਿੰਦਰ ਪੰਡਿਤ)- ਟਾਂਡਾ ਦੇ ਬੇਟ ਇਲਾਕੇ ਦੇ ਇਕ ਪਿੰਡ ਦੀ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਹੁਣ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰਨ 'ਤੇ ਟਾਂਡਾ ਪੁਲਸ ਨੇ ਉਸੇ ਪਿੰਡ ਦੇ ਰਹਿਣ ਵਾਲੇ ਇਕ ਨੌਜਵਾਨ ਅਤੇ ਉਸਦੇ ਮਾਪਿਆਂ ਖਿਲਾਫ ਬਲਾਤਕਾਰ, ਪੋਕਸੋ ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਮੋਸ਼ੀ ਵਿਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਦੇ ਬਿਆਨ ਦੇ ਅਧਾਰ ਤੇ ਚੰਨਦੀਪ ਸਿੰਘ, ਚੰਨਦੀਪ ਦੇ ਪਿਤਾ ਰਾਮ ਸਿੰਘ ਉਰਫ਼ ਦਵਿੰਦਰ ਸਿੰਘ ਅਤੇ ਮਾਂ ਸ਼ਰਨਜੀਤ ਕੌਰ ਖ਼ਿਲਾਫ਼ ਦਰਜ ਕੀਤਾ ਹੈ।

ਬਿਆਨ 'ਚ ਲੜਕੀ ਨੇ ਦੱਸਿਆ ਕਿ 2021 'ਚ ਜਦੋਂ ਉਹ ਨਾਬਾਲਗ ਸੀ ਤਾਂ ਦੋਸ਼ੀ ਚੰਨਦੀਪ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਝਾਂਸਾ ਦੇ ਕੇ ਉਸ ਨੂੰ ਕੋਲਡ ਡਰਿੰਕ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਅਤੇ ਕਈ ਵਾਰ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਈਆਂ। ਬਾਅਦ 'ਚ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ।

ਜਦੋਂ ਉਸਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਉਸ ਦੀ ਮਾਂ ਨੇ ਚੰਨਦੀਪ ਦੇ ਮਾਪਿਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਪੁੱਤਰ ਦਾ ਸਾਥ ਦੇਣ ਦੀ ਬਜਾਏ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਉਕਤ  ਉਸ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਿਸੇ ਨੂੰ ਕੁਝ ਵੀ ਦੱਸਣ ਤੋਂ  ਮਨਾ ਕਰਨ ਲਈ ਧਮਕਾਉਣ ਲੱਗੇ। ਇਸ ਦੌਰਾਨ ਚੰਨਦੀਪ 2023 ਵਿਚ  ਅਮਰੀਕਾ ਚਲਾ ਗਿਆ। ਉੱਥੇ ਵੀ ਉਸ ਨੇ ਬਿਨਾਂ ਕੱਪੜਿਆਂ ਦੇ ਵੀਡੀਓ ਬਣਾ ਕੇ ਭੇਜਣ ਲਈ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। 4 ਜੁਲਾਈ ਨੂੰ ਇਨ੍ਹਾਂ ਲੋਕਾਂ ਨੇ ਉਸ ਦੀ ਅਸ਼ਲੀਲ ਵੀਡੀਓ ਵਟਸਐਪ ਗਰੁੱਪਾਂ ਵਿੱਚ ਵਾਇਰਲ ਕਰ ਦਿੱਤੀ। 

3 ਅਗਸਤ ਨੂੰ ਜਦੋਂ ਉਹ ਆਪਣੀ ਮਾਂ ਨਾਲ ਜ਼ਿਲਾ ਪੁਲਸ ਮੁਖੀ ਕੋਲ ਸ਼ਿਕਾਇਤ ਦਰਜ ਕਰਵਾਉਣ ਜਾ ਰਹੀ ਸੀ ਤਾਂ ਸ਼ਰਨਦੀਪ ਕੌਰ ਨੇ ਉਸ ਦੇ ਘਰ ਆ ਕੇ ਉਸ ਨਾਲ ਬਦਸਲੂਕੀ ਕੀਤੀ। ਇਸੇ ਦੌਰਾਨ  ਚੰਨਦੀਪ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਆਹਤ ਹੋ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਪਰ ਉਹ ਬਚ ਗਈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News