ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
Friday, Jul 17, 2020 - 10:12 AM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਮੀਟਿੰਗ ਬੀਤੇ ਦਿਨ ਪਾਰਟੀ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਈ, ਜਿਸ 'ਚ 8 ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਅਕਾਲੀ ਲਹਿਰ ਨੂੰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਚੋਣਾਂ 'ਚ ਪੂਰਨ ਹਮਾਇਤ ਦੇਣ ਦਾ ਐਲਾਨ ਕਰਦਿਆ ਕਿਹਾ ਗਿਆ ਕਿ ਬੀਤੇ ਦਿਨੀਂ ਭਾਈ ਰਣਜੀਤ ਸਿੰਘ ਨੇ ਬ੍ਰਹਮਪੁਰਾ ਨਾਲ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਮਿਲੀ ਪ੍ਰਵਾਨਗੀ
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ, ਜਿਸ 'ਚ ਕਰਨੈਲ ਸਿੰਘ ਪੀਰ ਮੁਹੰਮਦ, ਜੱਥੇ. ਗੁਰਪ੍ਰਤਾਪ ਸਿੰਘ ਰਿਆੜ ਅਤੇ ਜੱਥੇ. ਮਹਿੰਦਰ ਸਿੰਘ ਹੁਸੈਨਪੁਰ ਅਤੇ ਜੱਥੇ. ਮੱਖਣ ਸਿੰਘ ਨੰਗਲ ਨੂੰ ਸ਼ਾਮਲ ਕੀਤਾ ਗਿਆ। ਹੁਣ ਇਸ ਕਮੇਟੀ ਦੇ ਕੁੱਲ 8 ਮੈਂਬਰ ਹੋਣਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਾਰਟੀ ਦਾ ਵਿਧੀ-ਵਿਧਾਨ ਬਣਾਉਣ ਲਈ ਕਰਨੈਲ ਸਿੰਘ ਪੀਰ ਮੁਹੰਮਦ, ਜੱਥੇ. ਰਿਆੜ ਅਤੇ ਜੱਥੇ. ਸਠਿਆਲਾ 'ਤੇ ਅਧਾਰਿਤ 3 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਦਕਿ ਪਾਰਟੀ ਦੇ ਖਜ਼ਾਨਚੀ ਸਾਹਿਬ ਸਿੰਘ ਬਡਾਲੀ ਹੋਣਗੇ। ਇਸ ਤੋਂ ਇਲਾਵਾ ਪਾਰਟੀ ਦੀ ਨਵੀਂ ਭਰਤੀ ਪਹਿਲੀ ਦਸਬੰਰ, 2020 ਤੱਕ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ਰੂਪਨਗਰ 'ਚ ਕੋਰੋਨਾ ਦਾ ਕਹਿਰ, 8 ਨਵੇਂ ਕੇਸਾਂ ਦੀ ਪੁਸ਼ਟੀ
ਮੀਟਿੰਗ ਦੌਰਾਨ ਸੁਖਬੀਰ ਬਾਦਲ ਵੱਲੋਂ ਵੋਟਾਂ ਦੀ ਖਾਤਰ ਝੂਠੇ ਸਾਧ ਰਾਮ ਰਹੀਮ ਨਾਲ ਮਿਲ ਕੇ ਕੀਤੀ ਕਾਰਵਾਈ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਸੁਖਬੀਰ ਵੱਲੋਂ 2007 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਰਾਮ ਰਹੀਮ ਨੂੰ ਭੇਂਟ ਕਰਨ, 2015 'ਚ ਰਾਮ ਰਹੀਮ ਨੂੰ ਚੋਰ ਦਰਵਾਜ਼ੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿਵਾਉਣ, ਪੰਜਾਬ ਪੁਲਸ ਵੱਲੋਂ ਰਾਮ ਰਹੀਮ ’ਤੇ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਨ ਦਾ ਮਾਮਲਾ ਦਰਜ ਕਰਨ ਅਤੇ ਹੁਣ ਕੁਝ ਦਿਨ ਪਹਿਲਾਂ ਡੇਰਾ ਪੈਰੋਕਾਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਗੱਲ ਕਬੂਲ ਕਰਨਾ, ਇਸ ਗੱਲ ਨੂੰ ਬਿਲਕੁਲ ਸਾਫ਼ ਕਰਦੀ ਹੈ ਕਿ ਸੁਖਬੀਰ ਇਨ੍ਹਾਂ ਘੋਰ ਪਾਪਾਂ 'ਚ ਬਰਾਬਰ ਦਾ ਹਿੱਸੇਦਾਰ ਹੈ।
ਪਾਰਟੀ ਵੱਲੋਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਕੈਪਟਨ ਸਰਕਾਰ ਨੂੰ ਇਸ ਮਾਮਲੇ 'ਚ ਸੁਖਬੀਰ ਖਿਲਾਫ਼ ਸਖਤ ਕਾਰਵਾਈ ਕਰਨ ਦੀ ਪੁਰਜ਼ੋਰ ਸ਼ਬਦਾਂ 'ਚ ਅਪੀਲ ਕੀਤੀ ਗਈ। ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਅਤੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਦੇ ਅਸਤੀਫ਼ੇ ਨਾ-ਮਨਜ਼ੂਰ ਕਰਦਿਆਂ ਇਨ੍ਹਾਂ ਦੋਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਪਾਰਟੀ ’ਚੋਂ ਖਾਰਜ ਕੀਤਾ ਗਿਆ। ਇਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਿਨਾਂ ਲੁਧਿਆਣਾ ਵਿਖੇ ਗਠਿਤ ਅਕਾਲੀ ਦਲ ਡੈਮੋਕਰੇਟਿਕ 'ਚ ਸ਼ਮੂਲੀਅਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੂੰ ਲੈ ਕੇ DGP ਦਾ ਵੱਡਾ ਫ਼ੈਸਲਾ, ਪੁਲਸ ਮੁਖੀਆਂ ਨੂੰ ਹਦਾਇਤਾਂ ਜਾਰੀ