ਰਣਦੀਪ ਸੁਰਜੇਵਾਲ ਦਾ ਵੱਡਾ ਬਿਆਨ, ਕਿਹਾ-ਲੜਾਈ ਅਹੁਦਿਆਂ ਦੀ ਨਹੀਂ, ਪੰਜਾਬ ਅਤੇ ਪੰਜਾਬੀਅਤ ਦੀ ਹੈ

Sunday, Feb 06, 2022 - 03:10 PM (IST)

ਰਣਦੀਪ ਸੁਰਜੇਵਾਲ ਦਾ ਵੱਡਾ ਬਿਆਨ, ਕਿਹਾ-ਲੜਾਈ ਅਹੁਦਿਆਂ ਦੀ ਨਹੀਂ, ਪੰਜਾਬ ਅਤੇ ਪੰਜਾਬੀਅਤ ਦੀ ਹੈ

ਜਲੰਧਰ (ਬਿਊਰੋ) - ਪੰਜਾਬ ਵਿਚ ਚੋਣਾਂ ਦਾ ਘਮਾਸਾਨ ਜਾਰੀ ਹੈ। ਕਾਂਗਰਸ ਫਿਰ ਤੋਂ ਸੱਤਾ ’ਚ ਵਾਪਸ ਆਉਣ ਦੇ ਯਤਨਾਂ ਵਿਚ ਜੁਟੀ ਹੈ ਪਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਖਿੱਚੋਤਾਣ ਜਾਰੀ ਹੈ। ਕੌਣ ਹੋਵੇਗਾ ਕਾਂਗਰਸ ਵਿਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਅਤੇ ਕੀ ਹੋਵੇਗੀ ਕਾਂਗਰਸ ਦੀ ਚੋਣ ਰਣਨੀਤੀ, ਇਸ ਮੁੱਦੇ ’ਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨਾਲ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਦੇ ਬਲਵੰਤ ਤਕਸ਼ਕ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

1. ਕਾਂਗਰਸ ਵੱਲੋਂ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਕੌਣ ਹੋਵੇਗਾ?
ਕਾਂਗਰਸ ਹਾਈਕਮਾਨ ਨੇ ਇਸ ਸਬੰਧੀ ਸਾਰੇ ਨੇਤਾਵਾਂ ਨਾਲ ਲੰਮੀ ਚਰਚਾ ਕੀਤੀ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕਾਫ਼ੀ ਰਾਜਨੀਤਿਕ ਤਜ਼ਰਬਾ ਹੈ। ਜੋ ਵੀ ਫ਼ੈਸਲਾ ਹੋਵੇਗਾ, ਉਹ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੇ ਮੁਤਾਬਿਕ ਹੋਵੇਗਾ।

2. ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਤੋਂ ਬਗਾਵਤੀ ਤੇਵਰ ਆਪਣਾ ਲਏ ਹਨ। ਉਨ੍ਹਾਂ ਨੂੰ ਪਾਰਟੀ ਕਿਵੇਂ ਮਨਾਏਗੀ?
ਮੇਰਾ ਮੰਨਣਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ‘ਸਰਦਾਰ’ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਅਤੇ ਪਾਰਟੀ ਦੇ ‘ਸਰਦਾਰ’ ਨਵਜੋਤ ਸਿੰਘ ਸਿੱਧੂ ਹਨ। ਦੋਵੇਂ ਬੜੇ ਮਹੱਤਵਪੂਰਣ ਸਾਥੀ ਹਨ। ਪੰਜਾਬ ਵਿਚ ਚੋਣ ਮੁਹਿੰਮ ਕਮੇਟੀ ਦੇ ਚਅਰਮੈਨ ਸੁਨੀਲ ਜਾਖੜ ਹਨ। ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਆਪਸੀ ਵਿਰੋਧ ਹੈ। ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਮਾਮਲੇ ਵਿਚ ਕਿਸੇ ਕਿਸਮ ਦਾ ਕੋਈ ਆਪਾ-ਵਿਰੋਧ ਨਹੀਂ ਹੈ।

3. ਸਿੱਧੂ ਕਹਿ ਰਹੇ ਹਨ ਕਿ ਉੱਪਰ ਵਾਲਿਆਂ ਨੂੰ ਉਨ੍ਹਾਂ ਦੇ ਇਸ਼ਾਰਿਆਂ ’ਤੇ ਡੁਗਡੁਗੀ ਵਜਾਉਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ?
ਕਾਂਗਰਸ ਨੂੰ ਪਾਰਟੀ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਕਰਨ ਵਾਲਾ ਵਿਅਕਤੀ ਚਾਹੀਦਾ ਹੈ, ਜੋ ਵਰਕਰਾਂ ਦੀ ਗੱਲ ਸੁਣੇ। ਜੋ ਵਿਅਕਤੀ ਕਾਂਗਰਸ ਦੇ ਸਿਧਾਂਤਾਂ ਦੀ ਪਾਲਣਾ ਕਰੇ, ਅਜਿਹਾ ਵਿਅਕਤੀ ਚਾਹੀਦਾ ਹੈ ਜੋ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਨੌਜਵਾਨਾਂ, ਗਰੀਬਾਂ ਦੀ ਨੁਮਾਇੰਦਗੀ ਅਤੇ ਅੱਗੇ ਵਧਣ ਦੀ ਡੂੰਘੀ ਚਾਹ ਰੱਖਣ ਵਾਲਾ ਹੋਵੇ। ਪੰਜਾਬ ਅਤੇ ਪੰਜਾਬੀਅਤ ਨੂੰ ਅੱਗੇ ਲਿਜਾਣ ਵਾਲੀ ਸਖਸ਼ੀਅਤ ਚਾਹੀਦੀ ਹੈ। ਬਾਕੀ, ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਫ਼ੈਸਲਾ ਪਾਰਟੀ ਕਰੇਗੀ। ਮੈਨੂੰ ਨਹੀਂ ਲੱਗਦਾ ਕਿ ਸਿੱਧੂ ਦੇ ਬਿਆਨ ਵਿਚ ਇਸ ਤੋਂ ਜ਼ਿਆਦਾ ਕੁੱਝ ਪੜ੍ਹਨ ਦੀ ਲੋੜ ਹੈ।

4. ਕੀ ਸਿੱਧੂ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦੇ ਐਲਾਨ ਤੋਂ ਬਾਅਦ ਵੀ ਚੰਨੀ ਦੇ ਨਾਲ ਚੱਲ ਸਕਣਗੇ?
ਕਿਸ ਦਾ ਐਲਾਨ ਹੋਵੇਗਾ, ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਹ ਕਾਂਗਰਸ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਅਧਿਕਾਰ ਖੇਤਰ ਵਿਚ ਹੈ। ਇਸ ਬਾਰੇ ਮੁੱਖ ਮੰਤਰੀ ਚੰਨੀ ਅਤੇ ਸੂਬਾ ਪਾਰਟੀ ਪ੍ਰਧਾਨ ਸਿੱਧੂ ਦੇ ਨਾਲ ਹੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਸਮੇਤ ਪੰਜਾਬ ਦੇ ਨਾਗਰਿਕਾਂ ਤੋਂ ਰਾਏ ਲਈ ਗਈ ਹੈ। ਮੈਨੂੰ ਇਹ ਲੱਗਦਾ ਹੈ ਕਿ ਪਾਰਟੀ ਦਾ ਜੋ ਫ਼ੈਸਲਾ ਹੋਵੇਗਾ, ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਸਾਨੂੰ ਪਾਰਟੀ ਦੇ ਝੰਡੇ ਦੇ ਹੇਠਾਂ ਉਸ ਦੀ ਵਿਚਾਰਧਾਰਾ ਲਈ ਕੰਮ ਕਰਨਾ ਹੈ। ਇਹ ਲੜਾਈ ਅਹੁਦਿਆਂ ਦੀ ਨਹੀਂ, ਵਿਅਕਤੀਗਤ ਆਪਣੀ ਇੱਛਾ ਜਾਂ ਮਹਿਮਾਮੰਡਨ ਦੀ ਨਹੀਂ, ਸਗੋਂ ਪੰਜਾਬ ਅਤੇ ਪੰਜਾਬੀਅਤ ਦੀ ਲੜਾਈ ਹੈ। ਪੰਜਾਬ ਦੇ ਲੋਕ ਪੰਜਾਬ ਅਤੇ ਪੰਜਾਬੀਅਤ ਲਈ ਵੱਡੀ ਤੋਂ ਵੱਡੀ ਕੁਰਬਾਨੀ ਦਿੰਦੇ ਆਏ ਹਨ। ਇਹ ਗੁਰੂਆਂ ਦੀ ਧਰਤੀ ਹੈ ਅਤੇ ਗੁਰੂਆਂ ਦਾ ਸੁਨੇਹਾ ਵੀ ਇਹੀ ਹੈ। ਮੈਨੂੰ ਲੱਗਦਾ ਕਿ ਭਾਵੇਂ ਚੰਨੀ ਹੋਣ, ਸਿੱਧੂ ਹੋਣ ਜਾਂ ਫਿਰ ਕੋਈ ਹੋਰ, ਗੁਰੂਆਂ ਦੀ ਇਸ ਧਰਤੀ ’ਤੇ, ਜਿੱਥੇ ਕੁਰਬਾਨੀ ਨੂੰ ਸਭ ਤੋਂ ਵੱਡਾ ਬਲਿਦਾਨ ਸਮਝਿਆ ਜਾਂਦਾ ਹੈ, ਪਾਰਟੀ ਦੇ ਫ਼ੈਸਲੇ ਨਾਲ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ।

5. ਕੀ ਸਿੱਧੂ ਅਤੇ ਚੰਨੀ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ਦਾ ਕੋਈ ਫਾਰਮੂਲਾ ਲਾਗੂ ਕੀਤਾ ਜਾ ਸਕਦਾ ਹੈ?
ਮੈਂ ਅਟਕਲਾਂ ਵਿਚ ਵਿਸ਼ਵਾਸ ਨਹੀਂ ਕਰਦਾ। ਕਾਂਗਰਸ ਦਾ ਲੀਡਰਸ਼ਿਪ ਛੇਤੀ ਫ਼ੈਸਲਾ ਲਵੇਗੀ। ਜੋ ਵੀ ਫ਼ੈਸਲਾ ਹੋਵੇਗਾ, ਜ਼ਿੰਮੇਵਾਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।

6. ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸਿਰਫ਼ ਇਕ ਸੀਟ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦੀ ਸਿੱਧੂ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਕੀ ਇਸ ਨਾਲ ਸਿੱਧੂ ਆਪਣੇ ਖੇਤਰ ਵਿਚ ਨਹੀਂ ਘਿਰ ਗਏ ਹਨ? ਕੀ ਇਸੇ ਲਈ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਗਏ ਸਨ?
ਮਾਂ ਦੇ ਅਸ਼ੀਰਵਾਦ ਤੋਂ ਬਿਨਾਂ ਕੋਈ ਨਹੀਂ ਜਿੱਤ ਸਕਦਾ। ਉੱਤਰ ਭਾਰਤ ਵਿਚ ਕਈ ਲੋਕ ਹਨ, ਜੋ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਮਾਤਾ ਵੈਸ਼ਣੋ ਦੇਵੀ ਜੀ ਦੇ ਦਰਬਾਰ ਵਿਚ ਸਿਰ ਝੁਕਾਉਂਦੇ ਹਨ। ਸਿੱਧੂ ਸ਼ਿਵ ਭਗਤ ਵੀ ਹਨ, ਇਸ ਲਈ ਮੈਂ ਕਹਾਂਗਾ ਕਿ ਬਹੁਤ ਚੰਗੀ ਗੱਲ ਹੈ ਕਿ ਉਹ ਮਾਤਾ ਵੈਸ਼ਣੋ ਦੇਵੀ ਜੀ ਦੀ ਸ਼ਰਨ ਵਿਚ ਗਏ ਹਨ। ਇਨਸਾਨ ਦਾ ਕਰਤੱਵ ਹੈ ਕਿ ਭਗਵਾਨ ਤੋਂ ਤਾਕਤ ਲਵੇ ਅਤੇ ਸਹੀ ਰਸਤੇ ’ਤੇ ਚੱਲਣ ਦਾ ਆਸ਼ੀਰਵਾਦ ਵੀ ਲਵੇ। ਸਿੱਧੂ ਦੇ ਮੁਕਾਬਲੇ ਮਜੀਠੀਆ ਚੋਣ ਹਾਰਨਗੇ। ਮੈਨੂੰ ਲੱਗਦਾ ਹੈ ਕਿ ਮਜੀਠੀਆ ਨੂੰ ਗਲਤਫ਼ਹਿਮੀ ਹੈ ਅਤੇ ਇਸ ਗਲਤਫ਼ਹਿਮੀ ਵਿਚ ਯਾਦ ਕਰਿਓ ਕਿ ਅਰੁਣ ਜੇਤਲੀ ਨੂੰ ਮਜੀਠੀਆ ਅੰਮ੍ਰਿਤਸਰ ਲੈ ਕੇ ਆਏ ਸਨ ਅਤੇ ਉਹ ਹਾਰ ਗਏ ਸਨ। ਹੁਣ ਮਜੀਠੀਆ ਦੇ ਨਾਲ ਵੀ ਇਹੀ ਹੋਣ ਵਾਲਾ ਹੈ।

7. ਸਿੱਧੂ ਖ਼ਿਲਾਫ਼ 34 ਸਾਲ ਪੁਰਾਣੀ ਝੜਪ ਵਿਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਫਿਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ। ਤੁਸੀਂ ਇਸ ਮਾਮਲੇ ਨੂੰ ਕਿਵੇਂ ਵੇਖਦੇ ਹੋ?
ਜਦੋਂ-ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਦੋਂ-ਉਦੋਂ ਭਾਜਪਾ ਦਾ ਇਲੈਕਸ਼ਨ ਡਿਪਾਰਟਮੈਂਟ, ਜੋ ਹੁਣ ਈ. ਡੀ. ਬਣ ਗਿਆ ਹੈ, ਸਾਹਮਣੇ ਆ ਜਾਂਦਾ ਹੈ। ਛਾਪੇਮਾਰੀ ਦੇ ਤਹਿਤ ਪੰਜਾਬ ਵਿਚ ਚੰਨੀ ਸਮੇਤ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੱਸੋ, 6 ਸਾਲ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਨੀ ਸਮੇਤ ਚੰਨੀ ਦੇ ਰਿਸ਼ਤੇਦਾਰ ਦਾ ਨਾਂ ਨਹੀਂ ਸੀ। ਇਹ ਸਿਰਫ਼ ਚੰਨੀ ਅਤੇ ਸਿੱਧੂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਦੀ ਸਜ਼ਾ ਹੈ। ਇਹ ਕੇਵਲ ਅਰਵਿੰਦ ਕੇਜਰੀਵਾਲ ਦੀ ਚੋਰ ਦਰਵਾਜ਼ੇ ਤੋਂ ਮਦਦ ਕਰਨ ਦੀ ਭਾਜਪਾ ਦੀ ਚਾਲ ਹੈ। ਵੇਖੋ, ਕੇਜਰੀਵਾਲ ਦੇ ਲੋਕ ਭਾਜਪਾ ਦੇ ਗਵਰਨਰ ਕੋਲ ਜਾਂਦੇ ਹਨ ਅਤੇ ਅਗਲੇ ਦਿਨ ਜਾਂਚ ਦੀ ਚਿੱਠੀ ਜਾਰੀ ਹੋ ਜਾਂਦੀ ਹੈ। ਕਾਂਗਰਸ ਦੇ ਲੋਕ ਉਸੇ ਦਿਨ ਭਾਜਪਾ ਦੇ ਗਵਰਨਰ ਕੋਲ ਜਾਂਦੇ ਹਨ ਪਰ ਉਨ੍ਹਾਂ ਦੀ ਚਿੱਠੀ ਬਰਫ਼ ਵਿਚ ਲਗਾ ਦਿੱਤੀ ਜਾਂਦੀ ਹੈ। ਭਾਜਪਾ ਆਪਣਾ ਲੋਕ ਆਧਾਰ ਗੁਆ ਚੁੱਕੀ ਹੈ ਅਤੇ ਹੁਣ ਕੇਜਰੀਵਾਲ ਦੀ ਪਿੱਠ ’ਤੇ ਬੰਦੂਕ ਰੱਖ ਕੇ ਕਾਂਗਰਸ ਖ਼ਿਲਾਫ਼ ਲੜਾਈ ਲੜ ਰਹੀ ਹੈ।

8. ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਰੋਧੀ ਪਾਰਟੀਆਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਤੁਹਾਡਾ ਕੀ ਮੰਨਣਾ ਹੈ?
ਇਹ ਕੇਸ 6 ਸਾਲ ਪੁਰਾਣਾ ਹੈ ਅਤੇ ਕੇਂਦਰ ਵਿਚ 7 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਸਾਲ ਕਿਉਂ ਸੁੱਤੇ ਰਹੇ? ਈ. ਡੀ., ਜੋ ਭਾਜਪਾ ਦਾ ਇਲੈਕਸ਼ਨ ਡਿਪਾਰਟਮੈਂਟ ਬਣ ਗਿਆ ਹੈ, ਕਿਉਂ 6 ਸਾਲ ਤੱਕ ਸੁੱਤਾ ਰਿਹਾ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਜਪਾ ਦੇਸ਼ ਦੇ ਇਕ ਐੱਸ. ਸੀ. ਮੁੱਖ ਮੰਤਰੀ ਨਾਲ ਕਿਉਂ ਇੰਨੀ ਦੁਸ਼ਮਣੀ ਕੱਢ ਰਹੀ ਹੈ? ਭਾਜਪਾ ਨੂੰ ਇਕ ਗਰੀਬ, ਮਜ਼ਦੂਰ, ਕਿਸਾਨ ਨਾਲ ਇੰਨੀ ਨਫ਼ਰਤ ਕਿਉਂ ਹੈ? ਭਾਜਪਾ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਖੜ੍ਹੇ ਹੋਣ ਵਾਲੇ ਚੰਨੀ, ਸਿੱਧੂ ਅਤੇ ਕਾਂਗਰਸ ਦੇ ਨੇਤਾਵਾਂ ਤੋਂ ਬਦਲਾ ਕਿਉਂ ਲੈ ਰਹੀ ਹੈ? ਦੂਜੇ ਪਾਸੇ, ਕੇਜਰੀਵਾਲ ਉਹੀ ਵਿਅਕਤੀ ਹਨ, ਜਿਨ੍ਹਾਂ ਨੇ ਬਤੌਰ ਮੁੱਖ ਮੰਤਰੀ ਤਿੰਨੇ ਕਾਲੇ ਖੇਤੀਬਾੜੀ ਕਾਨੂੰਨਾਂ ਵਿਚੋਂ ਪਹਿਲੇ ਕਾਨੂੰਨ ਨੂੰ ਨੋਟੀਫਾਈ ਕੀਤਾ ਸੀ। ਮੋਦੀ ਉਨ੍ਹਾਂ ਦਾ ਅਹਿਸਾਨ ਉਤਾਰ ਰਹੇ ਹਨ। ਭਾਜਪਾ ਦਾ ਕੋਈ ਲੋਕ ਆਧਾਰ ਨਹੀਂ ਹੈ, ਇਸ ਲਈ ਆਪਣੀ ‘ਬੀ ਟੀਮ’ ਕੇਜਰੀਵਾਲ ਨੂੰ ਅੱਗੇ ਕੀਤਾ ਹੋਇਆ ਹੈ ਪਰ ਪੰਜਾਬ ਦੇ ਲੋਕ ਇਸ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

9. ਕਾਂਗਰਸ ਪਾਰਟੀ ਇਸ ਮਾਮਲੇ ਵਿਚ ਜਿਸ ਤਰ੍ਹਾਂ ਡਟ ਕੇ ਚੰਨੀ ਦੇ ਨਾਲ ਖੜ੍ਹੀ ਹੈ, ਉਸ ਤਰ੍ਹਾਂ ਸਿੱਧੂ ਖੁਲ੍ਹ ਕੇ ਚੰਨੀ ਦੇ ਨਾਲ ਕਿਉਂ ਨਹੀਂ ਆ ਰਹੇ ਹਨ?
ਅਸੀਂ ਸਭ ਨਾਲ ਖੜ੍ਹੇ ਹਾਂ। ਜਦੋਂ ਪਹਿਲੀ ਵਾਰ ਛਾਪੇਮਾਰੀ ਹੋਈ ਸੀ, ਉਦੋਂ ਮੈਂ ਅਤੇ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਸਿੱਧੂ ਨੇ ਕਿਹਾ ਸੀ ਕਿ ਇਹ ਪੂਰੀ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ, ਨਿੰਦਣਯੋਗ ਹੈ ਅਤੇ ਇਸ ਖ਼ਿਲਾਫ਼ ਜ਼ੋਰਦਾਰ ਤਰੀਕੇ ਨਾਲ ਲੜਾਂਗੇ। ਕਾਂਗਰਸ ਦੇ ਕਿਸੇ ਵੀ ਨੇਤਾ ਨੂੰ ਦਬਾਅ ਦੀ ਕਾਰਵਾਈ ਤੋਂ ਡਰ ਨਹੀਂ ਲੱਗਦਾ। ਨਾ ਅਸੀਂ ਦੱਬਾਂਗੇ, ਨਾ ਡਰਾਂਗੇ ਅਤੇ ਨਾ ਹੀ ਪਿੱਠ ਦਿਖਾਵਾਂਗੇ, ਕਿਉਂਕਿ ਪੰਜਾਬ-ਹਰਿਆਣਾ ਦੇ ਲੋਕ ਹਿੱਕ ’ਤੇ ਵਾਰ ਲੈਂਦੇ ਹਨ, ਕਦੇ ਕਿਸੇ ਨੂੰ ਪਿੱਠ ਨਹੀਂ ਦਿਖਾਉਂਦੇ। ਸਾਨੂੰ ਜੇਲ ਭੇਜਣਾ ਹੈ, ਭੇਜੋ, ਜੋ ਕਾਰਵਾਈ ਕਰਨੀ ਹੈ, ਕਰੋ। ਇਹ ਮੰਨ ਕੇ ਚੱਲੋ ਕਿ ਪੰਜਾਬ ਜਿੱਤੇਗਾ, ਪੰਜਾਬੀਅਤ ਜਿੱਤੇਗੀ। ਅਸੀਂ ਕਿਸੇ ਸੂਰਤ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੇ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।

ਕਾਂਗਰਸ ਵੰਡੀ ਨਹੀਂ ਹੈ, ਸਾਡੇ ਕੋਲ ਇਕ ਤੋਂ ਜ਼ਿਆਦਾ ਵਿਅਕਤੀ ਹਨ, ਜੋ ਸੀ. ਐੱਮ. ਅਹੁਦੇ ਦੀ ਦਾਅਵੇਦਾਰੀ ਕਰ ਸਕਦੇ ਹਨ।

1. ਕਾਂਗਰਸ ਵਿਚ ਚੰਨੀ-ਸਿੱਧੂ ਤੋਂ ਇਲਾਵਾ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਕਈ ਧੜਿਆਂ ਵਿਚ ਵੰਡੀ ਹੋਈ ਹੈ?
ਕਾਂਗਰਸ ਵੰਡੀ ਹੋਈ ਨਹੀਂ ਹੈ, ਸਗੋਂ ਇਹ ਕਾਂਗਰਸ ਦੀ ਤਾਕਤ ਨੂੰ ਦਰਸਾਉਂਦਾ ਹੈ। ਸਾਡੇ ਕੋਲ ਇਕ ਤੋਂ ਜ਼ਿਆਦਾ ਅਜਿਹੇ ਵਿਅਕਤੀ ਹਨ, ਜੋ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਵੀ ਕਰ ਸਕਦੇ ਹਨ ਅਤੇ ਮੁੱਖ ਮੰਤਰੀ ਬਣ ਕੇ ਸਰਕਾਰ ਚਲਾ ਸਕਦੇ ਹਨ।

2. ‘ਆਪ’ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਬਹੁਤ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨ ਦਿੱਤਾ ਸੀ। ਕੀ ਕਾਂਗਰਸ ਨੇ ਇਸ ਮਾਮਲੇ ਵਿਚ ਦੇਰ ਨਹੀਂ ਕਰ ਦਿੱਤੀ?
ਕੋਈ ਦੇਰ ਨਹੀਂ ਕੀਤੀ ਹੈ। ਕੇਜਰੀਵਾਲ ਨੇ ਤਾਂ ਇਕ ਡਰਾਮਾ ਕੀਤਾ ਹੈ। ਭਗਵੰਤ ਮਾਨ ਨੂੰ ਅਸੀਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ, ਪੰਜਾਬ ਦੇ ਲੋਕ ਵੀ ਜਾਣਦੇ ਹਨ। ਜਿਸ ਵਿਅਕਤੀ ਨੂੰ ਇਹ ਸਹੁੰ ਚੁੱਕਣੀ ਪੈ ਰਹੀ ਹੋਵੇ ਕਿ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ, ਉਨ੍ਹਾਂ ਨੂੰ ਕਿਉਂ ਅਜਿਹੀ ਸਹੁੰ ਚੁੱਕਣੀ ਪੈ ਰਹੀ ਹੈ? ਪੰਜਾਬ ਦੇ ਲੋਕ ਨਸ਼ੇ ਖਿਲਾਫ਼ ਲੜਾਈ ਲੜ ਰਹੇ ਹਨ, ਜਦੋਂ ਪੰਜਾਬ ਨੂੰ ਅਕਾਲੀ ਦਲ ਅਤੇ ਭਾਜਪਾ ਨੇ ਉਡਦਾ ਪੰਜਾਬ ਬਣਾ ਦਿੱਤਾ ਸੀ। ਨੌਜਵਾਨਾਂ ਦੇ ਭਵਿੱਖ ਨੂੰ ਹਨ੍ਹੇਰੇ ਵਿਚ ਧੱਕ ਦਿੱਤਾ ਸੀ। ਮੈਂ ਇਹ ਗੱਲ ਪੰਜਾਬ ਦੇ ਬਹਾਦਰ ਲੋਕਾਂ ਦੇ ਹੌਸਲੇ ’ਤੇ ਛੱਡਦਾ ਹਾਂ ਕਿ ਕੀ ਸੂਬੇ ਦੀ ਵਾਗਡੋਰ ਅਜਿਹੇ ਲੋਕਾਂ (ਭਗਵੰਤ ਮਾਨ) ਨੂੰ ਸੌਂਪੀ ਜਾਣੀ ਚਾਹੀਦੀ ਹੈ?

3. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਚਲੇ ਗਏ ਹਨ। ਕਾਂਗਰਸ ਦੀ ਜਿੱਤ ਦੀਆਂ ਸੰਭਾਵਨਾਵਾਂ ’ਤੇ ਇਸ ਦਾ ਕੀ ਅਸਰ ਪਵੇਗਾ?
ਕੈਪਟਨ ਦੇ ਭਾਜਪਾ ਦੇ ਨਾਲ ਚਲੇ ਜਾਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਕਾਂਗਰਸ ਨੇ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ, ਪਾਰਟੀ ਦਾ ਪ੍ਰਧਾਨ ਬਣਾਇਆ, ਅਗਵਾਈ ਦੀ ਜ਼ਿੰਮੇਵਾਰੀ ਦਿੱਤੀ। ਉਹ ਬਜ਼ੁਰਗ ਨੇਤਾ ਹਨ, ਮੈਂ ਉਨ੍ਹਾਂ ਬਾਰੇ ਕੋਈ ਨਿੱਜੀ ਟਿੱਪਣੀ ਨਹੀਂ ਕਰਾਂਗਾ ਪਰ ਇੰਨਾ ਜ਼ਰੂਰ ਕਹਾਂਗਾ ਕਿ ਉਮਰ ਦੇ ਇਸ ਪੜਾਅ ’ਤੇ ਉਨ੍ਹਾਂ ਨੂੰ ਜ਼ਰਾ ਵੀ ਭਾਜਪਾ ਦੇ ਦਬਾਅ ਵਿਚ ਨਹੀਂ ਆਉਣਾ ਚਾਹੀਦਾ ਸੀ। ਉਨ੍ਹਾਂ ਦਾ ਇਹ ਆਪਣਾ ਫੈਸਲਾ ਹੈ, ਉਨ੍ਹਾਂ ਦੀ ਮਰਜ਼ੀ ਹੈ।

4. ਅਕਾਲੀ-ਬਸਪਾ ਗਠਜੋੜ, ਭਾਜਪਾ-ਕੈਪਟਨ-ਢੀਂਡਸਾ ਗਠਜੋੜ ਜਾਂ ਫਿਰ ਆਮ ਆਦਮੀ ਪਾਰਟੀ ਵਿਚੋਂ ਕਾਂਗਰਸ ਦੀ ਲੜਾਈ ਕਿਸ ਪਾਰਟੀ ਦੇ ਨਾਲ ਮੰਨਦੇ ਹੋ?
ਕਾਂਗਰਸ ਦੀ ਸਿੱਧੀ ਲੜਾਈ ਅਕਾਲੀ ਦਲ ਦੇ ਨਾਲ ਹੈ। ਭਾਜਪਾ ਦੀ ਤਾਂ ਕੋਈ ਹੋਂਦ ਬਚੀ ਨਹੀਂ ਹੈ। ਭਾਜਪਾ ਕੇਵਲ ਕੇਜਰੀਵਾਲ ਦੀ ਮਦਦ ਕਰਨ ਵਿਚ ਲੱਗੀ ਹੈ।

5. ਪੰਜਾਬ ’ਚ ਤੁਹਾਨੂੰ ਕਾਂਗਰਸ ਦੀ ਫਿਰ ਤੋਂ ਸਰਕਾਰ ਬਣਨ ਦੀਆਂ ਕਿੰਨੀਆਂ ਸੰਭਾਵਨਾਵਾਂ ਦਿਸਦੀਆਂ ਹਨ?
ਤੁਸੀ ਵੇਖੋਗੇ, ਜਨਤਾ ਦੀ ਸਹਾਇਤਾ ਨਾਲ ਕਾਂਗਰਸ ਫਿਰ ਤੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ।


author

rajwinder kaur

Content Editor

Related News