ਰੱਖੜੀ ਦੇ ਤਿਉਹਾਰ ''ਤੇ ਮਠਿਆਈ ਤੇ ਰੱਖੜੀ ਵੇਚਣ ਵਾਲਿਆਂ ਨੂੰ ਕੈਪਟਨ ਦੀ ਖ਼ਾਸ ਅਪੀਲ

Wednesday, Jul 29, 2020 - 06:33 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਮਠਿਆਈਆਂ ਵੇਚਣ ਵਾਲਿਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ 'ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਇਸ ਤੋਂ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਸੂਬੇ ਵਿਚ ਐਤਵਾਰ ਨੂੰ ਲਾਕਡਾਊਨ ਲਾਗੂ ਹੋਣ ਦੇ ਬਾਵਜੂਦ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ 'ਤੇ 2 ਅਗਸਤ ਨੂੰ ਹਲਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਅਤੇ ਅੱਜ ਇਸ ਐਲਾਨ ਤੋਂ ਚਾਰ ਦਿਨ ਬਾਅਦ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗਾਹਕਾਂ ਵੱਲੋਂ ਮਠਿਆਈ ਖਰੀਦਣ ਮੌਕੇ ਇਕ ਜੋੜਾ ਮਾਸਕ ਦਾ ਮੁਫ਼ਤ ਦੇਣ ਦੀ ਸਲਾਹ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਲੋਕਾਂ ਵਿਚ ਮਾਸਕ ਦੀ ਵਰਤੋਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕੀਤਾ ਜਾ ਸਕੇ। ਇਸੇ ਤਰ੍ਹਾਂ ਦੀ ਸਲਾਹ ਹੋਰ ਦੁਕਾਨ ਮਾਲਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਕਿ ਰੱਖੜੀਆਂ ਦੀ ਖਰੀਦ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਵੰਡੇ ਜਾਣ।

ਇਹ ਵੀ ਪੜ੍ਹੋ : ਫਿਰ ਸੇਰ ਨੂੰ ਟੱਕਰਿਆ ਸਵਾ ਸੇਰ, ਪੁਲਸ ਨੇ ਕੱਟਿਆ ਚਲਾਣ, ਬਿਜਲੀ ਮਹਿਕਮੇ ਨੇ ਕੱਟ 'ਤਾ ਥਾਣੇ ਦਾ ਮੀਟਰ 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਨੂੰ ਸਰਗਰਮੀ ਨਾਲ ਪ੍ਰਚਾਰਿਆ ਜਾਵੇ ਕਿਉਂਕਿ ਜੋ ਸੂਬੇ ਵਿਚ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲਾਜ਼ਮੀ ਤੌਰ 'ਤੇ ਮਾਸਕ ਪਹਿਨਣ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਵਿਚ ਵਾਧਾ ਕਰਕੇ ਪਹਿਲਾਂ ਹੀ ਸਾਵਧਾਨ ਕੀਤਾ ਜਾ ਚੁੱਕਾ ਹੈ। ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਮੌਕੇ ਮਾਸਕ ਨਾ ਪਹਿਨਣ ਵਾਲਿਆਂ 'ਤੇ ਜੁਰਮਾਨਾ ਲਾਉਣ ਵਿਚ ਪਹਿਲੇ ਸੂਬਿਆਂ 'ਚ ਸ਼ੁਮਾਰ ਪੰਜਾਬ ਵਿਚ ਇਸ ਵੇਲੇ ਉਲੰਘਣਾ ਕੀਤੇ ਜਾਣ 'ਤੇ 500 ਰੁਪਏ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ। ਹਾਲਾਂਕਿ, ਬਹੁਤੇ ਜ਼ਿਲ੍ਹਿਆਂ ਵਿਚ ਵੱਡੇ ਪੱਧਰ 'ਤੇ ਉਲੰਘਣਾ ਦੀਆਂ ਰਿਪੋਰਟਾਂ ਆ ਰਹੀਆਂ ਹਨ ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਜ਼ਿੰਮੇਵਾਰੀ ਵਾਲਾ ਰਵੱਈਆ ਨਾ ਦਿਖਾਇਆ ਤਾਂ ਜੁਰਮਾਨਾ ਰਾਸ਼ੀ ਵਿਚ ਵਾਧਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਹਾਲ ਹੀ ਵਿਚ ਸਿਹਤ ਵਿਭਾਗ ਨੂੰ ਬੱਸ ਅੱਡਿਆਂ ਅਤੇ ਹੋਰ ਅਜਿਹੀਆਂ ਜਨਤਕ ਥਾਵਾਂ 'ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਰਾਸ਼ਨ ਕਿੱਟਾਂ ਦੇਣ ਮੌਕੇ ਮੁਫ਼ਤ ਮਾਸਕ ਵੀ ਵੰਡੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਲਾਨੌਰ 'ਚ ਵੱਡੀ ਵਾਰਦਾਤ, ਹਥਿਆਰਾਂ ਨਾਲ ਲੈਸ ਹੋ ਕੇ ਆਏ ਲੁਟੇਰਿਆਂ ਨੇ ਲੁੱਟਿਆ ਕੋਆਪਰੇਟਿਵ ਬੈਂਕ


Gurminder Singh

Content Editor

Related News