ਰਾਜੀਵ ਗਾਂਧੀ ਪਾਰਕ ਦੁਰਦਸ਼ਾ ਦਾ ਸ਼ਿਕਾਰ

Thursday, Jun 28, 2018 - 01:18 AM (IST)

ਰਾਜੀਵ ਗਾਂਧੀ ਪਾਰਕ ਦੁਰਦਸ਼ਾ ਦਾ ਸ਼ਿਕਾਰ

ਰੂਪਨਗਰ, (ਕੈਲਾਸ਼)- ਨਗਰ ਸੁਧਾਰ ਟਰੱਸਟ ਦੇ ਨਾਲ ਸਥਾਪਤ ਪਾਰਕ ਜੋ ਗਿਆਨੀ ਜ਼ੈਲ ਸਿੰਘ ਨਗਰ ਦੇ ਨਿਵਾਸੀਆਂ ਲਈ ਨਗਰ ਸੁਧਾਰ ਟਰੱਸਟ ਵੱਲੋਂ ਬਣਾਇਆ ਗਿਆ ਸੀ ਦੀ ਹੋ ਰਹੀ ਖਸਤਾ ਹਾਲਤ ਨੂੰ ਲੈ ਕੇ ਨਗਰ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ। ਭਾਵੇਂ ਉਕਤ ਪਾਰਕ ਮੌਜੂਦਾ ਸਮੇਂ ਨਗਰ ਕੌਂਸਲ ਦੇ ਅਧੀਨ ਹੈ ਪਰ ਇਸ ਦੀ ਚਾਰਦੀਵਾਰੀ ਦੇ ਟੁੱਟਣ ਅਤੇ ਲੱਗੇ ਐਂਗਲ ਗਾਇਬ ਹੋਣ ਕਾਰਨ ਇਹ ਅੱਜਕੱਲ  ਬੇਸਹਾਰਾ ਪਸ਼ੂਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਨਾ ਤਾਂ ਇਸ ਪਾਰਕ ’ਚ ਨਗਰ ਨਿਵਾਸੀ ਘੁੰਮਣ ਆਉਂਦੇ ਹਨ ਤੇ ਨਾ ਹੀ ਬੱਚੇ ਖੇਡਦੇ ਹਨ। ਇੱਥੋਂ ਤੱਕ ਕਿ ਪਾਰਕ ’ਚ ਬੱਚਿਆਂ ਦੀ ਸੁਵਿਧਾ ਲਈ ਕੋਈ ਝੂਲਾ ਤੱਕ ਨਹੀਂ ਸਥਾਪਤ ਕੀਤਾ ਗਿਆ ਜਦੋਂ ਕਿ ਪਾਰਕ ਦਾ ਨਾਂ ਦੇਸ਼ ਦੇ  ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਨਾਮ ’ਤੇ ਰੱਖਿਆ ਹੋਇਆ ਹੈ। ਨਗਰ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਕੋਈ ਨਗਰ ਸੁਧਾਰ ਟਰੱਸਟ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਸਮਾਰੋਹ ਦਾ ਅਾਯੋਜਨ ਕੀਤਾ ਜਾਂਦਾ ਹੈ ਤਾਂ ਉਦੋਂ ਹੀ ਪਾਰਕ ਦੀ ਯਾਦ ਆਉਂਦੀ ਹੈ।  ਇਸ ਤੋਂ ਇਲਾਵਾ ਪਾਰਕ ਦੀ ਦੇਖ-ਰੇਖ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। PunjabKesari
ਸ਼ਹਿਰ ’ਚ ਸਥਾਪਤ ਨੇ 8 ਪਾਰਕ : ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ’ਚ 8 ਪਾਰਕ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਨਗਰ ਕੌਂਸਲ ਅਧੀਨ ਹੈ। ਉਕਤ 8 ਪਾਰਕਾਂ ’ਚੋਂ 4 ਦੀ ਦੇਖ-ਰੇਖ ਕੌਂਸਲ ਵੱਲੋਂ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤੀ ਗਈ ਜਦੋਂ ਕਿ ਬਾਕੀ ਦੇ 4 ਪਾਰਕਾਂ ਦੀ ਦੇਖ-ਰੇਖ ਕੌਂਸਲ ਖੁਦ ਕਰ ਰਹੀ ਹੈ। ਇਸ ਸਬੰਧ ’ਚ ਸਬੰਧਤ ਅਧਿਕਾਰੀ ਰਾਹੁਲ ਨੇ ਦੱਸਿਆ ਕਿ 4 ਪਾਰਕਾਂ ਦੀ ਦੇਖ-ਰੇਖ ਲਈ ਕੌਂਸਲ ਦੇ 4 ਮਾਲੀ ਕੰਮ ’ਚ ਲੱਗੇ ਰਹਿੰਦੇ ਹਨ। ਜੇਕਰ ਰਾਜੀਵ ਗਾਂਧੀ ਪਾਰਕ ’ਚ ਜੰਗਲੀ ਘਾਹ-ਬੂਟੀ  ਹੈ ਤਾਂ ਇਸ ਦੀ ਜਲਦ ਸਫਾਈ ਕਰਵਾਈ ਜਾਵੇਗੀ।
 ਕੀ ਕਹਿਣੈ ਕੌਂਸਲ ਪ੍ਰਧਾਨ ਦਾ-ਇਸ ਸਬੰਧ ’ਚ ਜਦੋਂ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੌਂਸਲ ਕੋਲ ਪਾਰਕਾਂ ਲਈ ਕੋਈ ਅਲੱਗ ਤੋਂ ਫੰਡ ਨਹੀਂ ਹੈ, ਕੌਂਸਲ ਵੱਲੋਂ ਆਪਣੇ ਹੀ  ਫੰਡਾਂ ’ਚੋਂ ਪਾਰਕਾਂ ਦੀ ਦੇਖ-ਰੇਖ ਲਈ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਨੇ ਕੌਂਸਲ ਦੀ ਅਪੀਲ ’ਤੇ ਨਗਰ ਸੁਧਾਰ ਟਰੱਸਟ ਵੱਲੋਂ ਪਾਰਕਾਂ ਦੇ ਸੁਧਾਰ ਲਈ ਸਹਿਯੋਗ ਦਿੱਤਾ ਗਿਆ ਸੀ।  ਹੁਣ ਵੀ ਉਹ ਟਰੱਸਟ ਨੂੰ ਉਕਤ ਪਾਰਕ ਦੀ ਦੁਰਦਸ਼ਾ ਦੇ ਸੁਧਾਰ ਲਈ ਪੱਤਰ ਲਿਖਣਗੇ। 


Related News