ਰਾਜਾ ਵੜਿੰਗ ਨੇ ਦਲਿਤ ਦੇ ਘਰ ਕੱਟੀ ਰਾਤ, ਪਰਿਵਾਰ ਨਾਲ ਖਾਧੀ ਰੋਟੀ (ਤਸਵੀਰਾਂ)
Tuesday, Apr 23, 2019 - 10:57 AM (IST)

ਲੰਬੀ/ਮਲੋਟ (ਤਰਸੇਮ ਢੁੱਡੀ, ਜੁਨੇਜਾ) - ਲੋਕ ਸਭਾ ਚੋਣਾਂ 'ਚ ਬਠਿੰਡਾ ਹਲਕੇ ਤੋਂ ਉਮੀਦਵਾਰਾਂ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਪਿੰਡ ਬਾਦਲ ਤੋਂ ਸ਼ੁਰੂ ਕੀਤੀ ਹੈ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਬੀਤੀ ਰਾਤ ਇਕ ਗਰੀਬ ਦਲਿਤ ਪਰਿਵਾਰ ਦੇ ਘਰ ਕੱਟੀ ਅਤੇ ਉਨ੍ਹਾਂ ਨਾਲ ਥੱਲੇ ਬੈਠ ਕੇ ਖਾਣਾ ਖਾਧਾ। ਉਨ੍ਹਾਂ ਨਾਲ ਸਾਰੀ ਰਾਤ ਗੱਲਾਂ ਬਾਤਾਂ ਕੀਤੀਆਂ।
ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਰਾਤ ਸਾਬਕਾ ਮੁੱਖ ਮੰਤਰੀ ਦੇ ਘਰ ਨੇੜੇ ਰਹਿੰਦੇ ਇਕ ਗਰੀਬ ਪਰਿਵਾਰ ਰਾਮ ਸ਼ਰਨ ਦੇ ਘਰ ਕੱਟੀ, ਜਿੱਥੇ ਉਨ੍ਹਾਂ ਨੇ ਪਰਿਵਾਰ ਦੀਆਂ ਔਰਤਾਂ ਵਲੋਂ ਤਿਆਰ ਕੀਤਾ ਖਾਣਾ ਖਾਧਾ ਅਤੇ ਮੰਜੇ 'ਤੇ ਸੁੱਤੇ। ਇਸ ਮੌਕੇ ਉਨ੍ਹਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਵੀ ਵਾਪਸ ਭੇਜ ਦਿੱਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਗਰੀਬਾਂ ਦੀ ਪਾਰਟੀ ਹੈ ਅਤੇ ਉਹ ਹਮੇਸ਼ਾਂ ਹੀ ਉਨ੍ਹਾਂ ਦੇ ਦੁੱਖ-ਸੁੱਖ 'ਚ ਉਨ੍ਹਾਂ ਦਾ ਸਾਥ ਦਿੰਦੇ ਰਹਿੰਦੇ ਹਨ।
ਉਨ੍ਹਾਂ ਬਾਦਲ ਪਰਿਵਾਰ ਨੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਦਲ ਪਰਿਵਾਰ ਦੀ ਨੂੰਹ ਅੱਜ ਤੱਕ ਕਦੇ ਕਿਸੇ ਪਿੰਡ 'ਚ ਕਿਸੇ ਗਰੀਬ ਪਰਿਵਾਰ ਦੇ ਘਰ ਨਹੀਂ ਗਈ ਹੋਣੀ।