ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖ ਰਹੇ 'ਰਾਜਾ ਵੜਿੰਗ' ਨਾਲ ਖ਼ਾਸ ਮੁਲਾਕਾਤ, ਕੀਤੇ ਕਈ ਅਹਿਮ ਖ਼ੁਲਾਸੇ (ਵੀਡੀਓ)
Tuesday, Feb 21, 2023 - 12:29 PM (IST)
ਜਲੰਧਰ : ਜਲੰਧਰ ਲੋਕ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਵੱਡੇ-ਵੱਡੇ ਆਗੂਆਂ ਦਾ ਜਲੰਧਰ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਸਿਲਸਿਲੇ ’ਚ ਜਲੰਧਰ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਕਈ ਵੱਡੇ ਸਿਆਸੀ ਮੁੱਦਿਆਂ ’ਤੇ ਚਰਚਾ ਹੋਈ ਅਤੇ ਕਈ ਖ਼ੁਲਾਸੇ ਵੀ ਕੀਤੇ ਗਏ। ਪੰਜਾਬ ’ਚ ਸੱਤਾ ਤਬਦੀਲੀ ਤੋਂ ਬਾਅਦ ਪਾਰਟੀ ਬਦਲਣ ਦਾ ਦੌਰ ਜਾਰੀ ਹੈ ਅਤੇ ਕਾਂਗਰਸ ਪਾਰਟੀ ਵੀ ਇਸ ਤੋਂ ਅਛੂਤੀ ਨਹੀਂ ਹੈ। ਕਈ ਆਗੂ ਕਾਂਗਰਸ ਛੱਡ ਕੇ ਹੋਰ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ। ਪੁਰਾਣੇ ਆਗੂਆਂ ਵੱਲੋਂ ਕਾਂਗਰਸ ਦਾ ਸਾਥ ਛੱਡ ਕੇ ਦੂਜੀ ਪਾਰਟੀਆਂ ’ਚ ਚਲੇ ਜਾਣ ਦੇ ਮੁੱਦੇ ’ਤੇ ਜਗ ਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਉਠਾਏ ਗਏ ਸਵਾਲ ਦੇ ਜਵਾਬ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਗੂ ਪਾਰਟੀ ਛੱਡ ਜਾਂਦਾ ਹੈ ਤਾਂ ਆਮ ਵਿਅਕਤੀ ਨੂੰ ਕਾਂਗਰਸ ’ਚ ਅੱਗੇ ਆਉਣ ਦਾ ਮੌਕਾ ਮਿਲੇਗਾ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ ਚਾਹੁੰਦੇ ਹਨ ਕਿ ਆਮ ਆਦਮੀ ਅਤੇ ਨੌਜਵਾਨ ਆਗੂਆਂ ਨੂੰ ਨਵੀਂ ਸੋਚ ਨਾਲ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਗਿੱਦੜਬਾਹਾ ਤੋਂ ਚੋਣ ਲੜ ਕੇ ਵਿਧਾਇਕ ਬਣੇ ਹਨ, ਜੇਕਰ ਇਹ ਸੀਟ ਖ਼ਾਲੀ ਨਾ ਹੁੰਦੀ ਤਾਂ ਅੱਜ ਰਾਜਾ ਵੜਿੰਗ ਐੱਮ. ਐੱਲ. ਏ. ਜਾਂ ਪ੍ਰਧਾਨ ਕਿਵੇਂ ਬਣਦੇ? ਉਨ੍ਹਾਂ ਕਿਹਾ ਕਿ ਜੋ ਸੀਟਾਂ ਖ਼ਾਲੀ ਹੋ ਰਹੀਆਂ ਹਨ, ਇਹ ਨੌਜਵਾਨਾਂ ਲਈ ਅੱਗੇ ਆਉਣ ਦਾ ਮੌਕਾ ਹੈ। ਖ਼ੁਦ ਰਾਹੁਲ ਗਾਂਧੀ ਵੀ ਕਹਿ ਚੁੱਕੇ ਹਨ ਕਿ ਇਹ ਨਵੇਂ ਅਤੇ ਨੌਜਵਾਨ ਨੇਤਾਵਾਂ ਲਈ ਅੱਗੇ ਆਉਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਹੁਤ ਸਾਰੇ ਕਾਬਲ ਲੋਕ ਹਨ। ਜਿਵੇਂ ਨਵਾਂ ਵਕੀਲ ਕਈ ਵਾਰ ਅਦਾਲਤ ’ਚ ਅਜਿਹੀਆਂ ਦਲੀਲਾਂ ਪੇਸ਼ ਕਰਦਾ ਹੈ ਕਿ ਪੁਰਾਣਾ ਚਿਤ ਹੋ ਜਾਂਦਾ ਹੈ। ਇਸ ਲਈ ਨਵੇਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗੈਂਗਸਟਰਾਂ ਦੇ ਖ਼ਿਲਾਫ਼ NIA ਦੀ ਛਾਪੇਮਾਰੀ, ਗਿੱਦੜਬਾਹਾ ਵੀ ਪੁੱਜੀ ਟੀਮ
ਟਿਕਟ ਨੂੰ ਲੈ ਕੇ ਹਾਈਕਮਾਨ ਦਾ ਫ਼ੈਸਲਾ ਸਰਬਪੱਖੀ
ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਤੋਂ ਬਾਅਦ ਖ਼ਾਲੀ ਹੋਈ ਜਲੰਧਰ ਲੋਕ ਸਭਾ ਸੀਟ ਲਈ ਉਪ ਚੋਣ ਜਲਦੀ ਹੀ ਹੋਣੀ ਹੈ। ਇਸ ਸੀਟ ਤੋਂ ਚੌਧਰੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਟਿਕਟ ਦਿੱਤੇ ਜਾਣ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਹਰ ਕਿਸੇ ਨੂੰ ਟਿਕਟ ਮੰਗਣ ਦਾ ਹੱਕ ਹੈ ਪਰ ਟਿਕਟ ਦੇਣ ਦਾ ਫ਼ੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਪਾਰਟੀ ਹਾਈਕਮਾਨ ਨੂੰ ਜਿਸ ਦੇ ਜਿੱਤਣ ਦੀ ਸੰਭਾਵਨਾ ਵੱਧ ਹੋਵੇਗੀ, ਟਿਕਟ ਉਸ ਨੂੰ ਦਿੱਤੀ ਜਾਵੇਗੀ। ਹਾਈਕਮਾਨ ਦੇ ਫ਼ੈਸਲੇ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਅਤੇ ਇਹ ਫ਼ੈਸਲਾ ਸਾਰਿਆਂ ਨੂੰ ਪ੍ਰਵਾਨ ਹੋਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫੱਟਣ ਕਾਰਨ ਜ਼ੋਰਦਾਰ ਧਮਾਕਾ, ਘਰ ਦੀ ਛੱਤ ਉੱਡੀ, ਸਾਮਾਨ ਵੀ ਸੜ ਕੇ ਸੁਆਹ
ਆਮ ਆਦਮੀ ਤੋਂ ਪੁੱਛੋ ‘ਆਪ’ ਸਰਕਾਰ ਦੀ ਕਾਰਗੁਜ਼ਾਰੀ, ਸਭ ਕੁੱਝ ਸਾਹਮਣੇ ਆ ਜਾਵੇਗਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ‘ਆਪ’ ਸਰਕਾਰ ਦੀ ਪਿਛਲੇ 11 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਅਤੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜੇ ਉਹ ਕੁੱਝ ਵੀ ਕਹਿਣਗੇ ਤਾਂ ਲੋਕ ਕਹਿਣਗੇ ਕਿ ਰਾਜਾ ਵੜਿੰਗ ਸਿਆਸਤ ਕਰ ਰਿਹਾ ਹੈ। ਜੇ ਸੱਚਮੁੱਚ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਨਾ ਹੈ ਤਾਂ ਉਹ ਆਮ ਆਦਮੀ, ਕਿਸੇ ਵੀ ਰੇਹੜੀ ਵਾਲੇ ਜਾਂ ਕਿਸੇ ਦੁਕਾਨਦਾਰ ਤੋਂ ਪੁੱਛੋ ਤਾਂ ਤੁਹਾਨੂੰ ਸਹੀ ਜਵਾਬ ਮਿਲ ਜਾਵੇਗਾ। ਇਸ ਵੇਲੇ ਜੋ ਹਾਲਾਤ ਹੋ ਗਏ ਹਨ, ਲੋਕ ਤੁਹਾਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ, ਉਪ ਚੋਣਾਂ ਤੇ ਬਾਡੀ ਚੋਣਾਂ ’ਚ ਇਸ ਦੀ ਤਸਵੀਰ ਸਭ ਦੇ ਸਾਹਮਣੇ ਸਾਫ਼ ਹੋ ਜਾਵੇਗੀ।
ਸਿਆਸਤ ’ਚ ਗੁੱਸੇ ਲਈ ਕੋਈ ਜਗ੍ਹਾ ਨਹੀਂ
ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ’ਚ ਕੀ ਭਵਿੱਖ ਹੈ, ਬਾਰੇ ਉਠਾਏ ਗਏ ਇਕ ਸਵਾਲ ਦੇ ਜਵਾਬ ’ਚ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਭਵਿੱਖ ਬਾਰੇ ਉਹ ਕਿਵੇਂ ਕੋਈ ਟਿੱਪਣੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਨਵਜੋਤ ਸਿੰਘ ਸਿੱਧੂ ਜਾਂ ਰਾਜਾ ਵੜਿੰਗ ਦੇ ਭਵਿੱਖ ਦੀ ਗੱਲ ਨਹੀਂ, ਕਾਂਗਰਸ ਦੇ ਹੱਥਾਂ ’ਚ ਹਰੇਕ ਵਿਅਕਤੀ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਹਾਂ ਉਨ੍ਹਾਂ ਆਪਣੇ ਸਿਆਸੀ ਜੀਵਨ ’ਚ ਇਕ ਗੱਲ ਜ਼ਰੂਰ ਸਿੱਖੀ ਹੈ ਕਿ ਸਿਆਸਤ ਵਿਚ ਗੁੱਸੇ ਤੇ ਉਤੇਜਨਾ ਲਈ ਕੋਈ ਜਗ੍ਹਾ ਨਹੀਂ ਹੈ। ਕੀ ਬੋਲਣਾ ਹੈ? ਹਮੇਸ਼ਾ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ, ਗੁੱਸੇ ਜਾਂ ਉਤੇਜਨਾ ਨਾਲ ਨਹੀਂ। ਉਤੇਜਨਾ ’ਚ ਕਹੀਆਂ ਗੱਲਾਂ ਦਾ ਗਲਤ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੋ ਮਿਲਦਾ ਹੈ, ਉਹ ਠਹਿਰਾਅ ਨਾਲ ਮਿਲਦਾ ਹੈ। ਇਸ ਲਈ ਸਿਆਸਤ ਵਿਚ ਗੁੱਸਾ ਘੱਟ ਅਤੇ ਠਹਿਰਾਅ ਬਹੁਤ ਜ਼ਰੂਰੀ ਹੈ। ਪੱਗ ਬੰਨ੍ਹ ਕੇ ਜਲੰਧਰ ਪਹੁੰਚੇ ਰਾਜਾ ਵੜਿੰਗ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਪੰਜਾਬ ’ਚ ਮੁੱਖ ਮੰਤਰੀ ਹੋਣ ਲਈ ਵਿਅਕਤੀ ਦਾ ਦਸਤਾਰਧਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਇਸ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਇਸ ਮਕਸਦ ਨਾਲ ਪੱਗ ਨਹੀਂ ਬੰਨ੍ਹੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਤੱਥ ਨਾਲ ਸਹਿਮਤ ਹੋ ਤਾਂ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ, ਸਿਆਸਤਦਾਨ ਜਾਂ ਬੁੱਧੀਜੀਵੀ ਲੋਕ ਇਹ ਕਹਿੰਦੇ ਹਨ ਕਿ ਪੱਗ ਪੰਜਾਬ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਚ ਇਹ ਤਬਦੀਲੀ ਇਸ ਲਈ ਨਹੀਂ ਆਈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਅਤੇ ਮੁੱਖ ਮੰਤਰੀ ਬਣਨ ਲਈ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਕਦੇ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਵੇਖਿਆ ਹੈ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਤਾਂ ਬਚਪਨ ਤੋਂ ਹੀ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਵੇਖ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨਾ ਹਰ ਕਿਸੇ ਦਾ ਸੁਫ਼ਨਾ ਹੋਣਾ ਚਾਹੀਦਾ ਹੈ। ਜੇ ਕਿਸੇ ਦਾ ਸੁਫ਼ਨਾ ਹੀ ਨਹੀਂ ਹੈ ਤਾਂ ਫਿਰ ਸਿਆਸਤ ’ਚ ਆਉਣ ਦਾ ਕੀ ਫ਼ਾਇਦਾ? ਉਨ੍ਹਾਂ ਦਾ ਕਹਿਣਾ ਸੀ ਕਿ ਇਕ ਇਕੱਲੇ ਵਿਅਕਤੀ ਦੀ ਸੋਚ ਬਹੁਤ ਵੱਡਾ ਬਦਲਾਅ ਨਹੀਂ ਲਿਆ ਸਕਦੀ, ਜਦੋਂ ਤਕ ਉਹ ਵੱਡੇ ਅਹੁਦੇ ’ਤੇ ਨਾ ਹੋਵੇ। ਜਿੱਥੋਂ ਤਕ ਪੱਗ ਬੰਨ੍ਹਣ ਦਾ ਸਵਾਲ ਹੈ ਤਾਂ ਇਸ ਨਾਲ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ, ਨਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਕਾਰਨ ਉਨ੍ਹਾਂ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਹੈ। ਕਹਿਣ ਤੋਂ ਭਾਵ ਹੈ ਕਿ ਰਾਜਾ ਵੜਿੰਗ ਹੁਣ ਜ਼ਿਆਦਾ ਜ਼ਿੰਮੇਵਾਰ ਬਣ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ