ਪੈਸੇ ਵੰਡਣ ਦੇ ਮਾਮਲੇ 'ਚ ਰਾਜਾ ਵੜਿੰਗ ਤੇ ਹਰਦੀਪ ਪੁਰੀ ਨੂੰ ਨੋਟਿਸ ਜਾਰੀ

Wednesday, May 01, 2019 - 09:59 AM (IST)

ਪੈਸੇ ਵੰਡਣ ਦੇ ਮਾਮਲੇ 'ਚ ਰਾਜਾ ਵੜਿੰਗ ਤੇ ਹਰਦੀਪ ਪੁਰੀ ਨੂੰ ਨੋਟਿਸ ਜਾਰੀ

ਚੰਡੀਗੜ੍ਹ (ਭੁੱਲਰ)— ਚੋਣ ਕਮਿਸ਼ਨ ਨੇ ਮੁਢਲੀ ਜਾਂਚ ਤੋਂ ਬਾਅਦ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਨੂੰ ਪੈਸੇ ਵੰਡਣ ਦੇ ਮਾਮਲਿਆਂ 'ਚ ਸ਼ਿਕਾਇਤਾਂ ਸਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਕਿਹਾ ਕਿ 24 ਘੰਟਿਆਂ ਅੰਦਰ ਦੋਸ਼ਾਂ ਸਬੰਧੀ ਜਵਾਬ ਮੰਗਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਇਕ ਮੈਂਬਰ ਨੂੰ ਪੈਸੇ ਵੰਡਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਸ ਦੀ ਚੋਣ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਪੰਜਾਬ ਏਕਤਾ ਪਾਰਟੀ ਵਲੋਂ ਸ਼ਿਕਾਇਤ ਕੀਤੀ ਗਈ ਸੀ। ਇਸੇ ਤਰ੍ਹਾਂ ਕਾਂਗਰਸ ਵਲੋਂ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਪੁਰੀ ਦੀ ਸ਼ਿਕਾਇਤ ਕੀਤੀ ਗਈ ਸੀ। ਰਾਜਾ ਵੜਿੰਗ ਦੀ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਉਨ੍ਹਾਂ ਖਿਲਾਫ਼ ਬੁਢਲਾਡਾ ਦੇ ਟਿੰਕੂ ਨਾਂ ਦੇ 'ਆਪ' ਮੈਂਬਰ ਨੂੰ ਉਸ ਦੇ ਘਰ ਜਾ ਕੇ 50 ਹਜ਼ਾਰ ਰੁਪਏ ਦੇਣ ਦੀ ਵਿਰੋਧੀ ਪਾਰਟੀਆਂ ਵਲੋਂ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਾਏ ਗਏ ਸਨ। ਇਸੇ ਤਰ੍ਹਾਂ ਹਰਦੀਪ ਪੁਰੀ ਵਲੋਂ ਅੰਮ੍ਰਿਤਸਰ ਖੇਤਰ 'ਚ ਇਕ ਭਿਖਾਰੀ ਨੂੰ ਆਪਣੇ ਪਰਸ 'ਚੋਂ ਪੈਸੇ ਕੱਢ ਕੇ ਦਿੱਤੇ ਜਾਣ ਦੀ ਤਸਵੀਰ ਦੇ ਆਧਾਰ 'ਤੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ। ਕਮਿਸ਼ਨ ਵਲੋਂ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਜ਼ਿਲਾ ਚੋਣ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਜ਼ਿਲਾ ਅਧਿਕਾਰੀਆਂ ਦੀਆਂ ਇਨ੍ਹਾਂ ਮਾਮਲਿਆਂ 'ਚ ਆਈਆਂ ਮੁੱਢਲੀਆਂ ਰਿਪੋਰਟਾਂ ਦੇ ਆਧਾਰ 'ਤੇ ਚੋਣ ਕਮਿਸ਼ਨ ਨੇ ਰਾਜਾ ਵੜਿੰਗ ਤੇ ਪੁਰੀ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਇਨ੍ਹਾਂ ਦੋਸ਼ਾਂ ਬਾਰੇ ਜਵਾਬ ਮੰਗਿਆ ਗਿਆ ਹੈ। ਇਨ੍ਹਾਂ ਦੇ ਜਵਾਬ ਦੇ ਆਧਾਰ 'ਤੇ ਕਮਿਸ਼ਨ ਅਗਲੀ ਕਾਰਵਾਈ ਕਰੇਗਾ।


author

Shyna

Content Editor

Related News