PPCC ਪ੍ਰਧਾਨ ਰਾਜਾ ਵੜਿੰਗ ਦਾ ਦਾਅਵਾ, ਜਲੰਧਰ ਲੋਕ ਸਭਾ ਸੀਟ ਕਾਇਮ ਰੱਖੇਗੀ ਕਾਂਗਰਸ

Wednesday, Feb 22, 2023 - 11:36 PM (IST)

ਭੋਗਪੁਰ (ਰਾਣਾ ਭੋਗਪੁਰੀਆ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤੇ ਕੇ ਸੀਟ ਨੂੰ ਕਾਇਮ ਰੱਖੇਗੀ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆ ਰਹੀ ਹੈ, ਲੋਕ ਬਹੁਤ ਸਿਆਣੇ ਹਨ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ। ਪਹਿਲਾਂ ਵੀ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ’ਚੋਂ ਕਾਂਗਰਸ ਦੇ 5 ਵਿਧਾਇਕ ਜਿੱਤੇ ਹਨ ਅਤੇ ਜ਼ਿਮਨੀ ਚੋਣਾਂ ’ਚ ਵੀ ਕਾਂਗਰਸ ਪਾਰਟੀ ਆਪਣੀ ਇਸ ਲੋਕ ਸਭਾ ਸੀਟ ਨੂੰ ਕਾਇਮ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ - ਇਸ ਤਾਰੀਖ਼ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ, ਅਹਿਮ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਵਿਰੋਧੀ ਪਾਰਟੀਆਂ 'ਤੇ ਵਰ੍ਹਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਫਿਰੋਤੀਆਂ ਦੀ  ਆੜ ’ਚ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ, ਰੇਤ ਮਾਫ਼ੀਆ, ਡਰੱਗ ਮਾਫ਼ੀਆ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਪੰਜਾਬ ਅੰਦਰ ਇਨ੍ਹਾਂ ਸਾਰੇ ਮਾਫ਼ੀਆ ਗਿਰੋਹਾਂ ਦੀ ਆਗਾਜ਼ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੌਰਾਨ ਹੀ ਕੀਤਾ। ਇਨਕਲਾਬੀ ਬਦਲਾਅ ਲੈ ਕੇ ਆਉਣ ਦੇ ਨਾਅਰੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਬਦਲਾਅ ਨਹੀਂ ਹੋਇਆ। ਅਕਾਲੀ ਦਲ ਦੀ ਸਰਕਾਰ ਨੇ ਵੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੁਲਸ ਮੁਕਾਬਲੇ 'ਚ ਗੈਂਗਸਟਰ ਢੇਰ, ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਪੜ੍ਹੋ TOP 10

ਉਨ੍ਹਾਂ ਅੱਗੇ ਕਿਹਾ ਕਿ ਡਾਕਟਰ ਮਨਮੋਹਣ ਸਿੰਘ ਦੀ ਕੇਂਦਰ ਸਰਕਾਰ ਵੇਲੇ ਹਰ ਚੀਜ਼ ਦਾ ਰੇਟ ਸਹੀ ਸੀ, ਪਰ ਮੋਦੀ ਸਰਕਾਰ ਵੇਲੇ ਇੰਨੀ ਮਹਿੰਗਾਈ ਹੋ ਗਈ ਹੈ ਕਿ ਹਰ ਗਰੀਬ  ਬੰਦਾ ਦੁੱਖੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੀਰਾ ਵਿਧਾਇਕ ਹਨ, ਜੋ ਵਿਧਾਨ ਸਭਾ ’ਚ ਇਲਾਕੇ ਦਾ ਹਰ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਲੰਧਰ ਜ਼ਿਮਣੀ ਚੋਣ ’ਚ ਆਪਣੀ ਸੂਝ-ਬੂਝ ਨਾਲ ਵਧੀਆ ਉਮੀਦਵਾਰ ਚੁਣਨ ਤਾਂ ਜੋ ਜਲੰਧਰ ਦੇ ਅਧੂਰੇ ਕੰਮ ਪੂਰੇ ਕੀਤੇ ਜਾ ਸਕਣ। ਇਸ ਮੌਕੇ ਵਿਧਾਇਕ ਸੁੱਖਵਿੰਦਰ ਕੋਟਲੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਵਿਧਾਇਕ ਬਿਕਰਮਜੀਤ ਸਿੰਘ ,ਅਸ਼ਵਨ ਭੱਲਾ,ਹਨੀ ਜੋਸ਼ੀ,ਰਾਜ ਕੁਮਾਰ ਰਾਜਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਨੀ ਜੋਸ਼ੀ,ਜਸਵੀਰ ਸਿੰਘ ਸੈਣੀ,ਮੀਰਾ ਸ਼ਰਮਾ,ਭੋਗਪੁਰ ਯੂਥ ਪ੍ਰਧਾਨ ਰਿਦਮ ਮਹਿਤਾ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anuradha

Content Editor

Related News