ਮੀਂਹ ਨੇ ਪਿੰਡ ਬਹਾਦਰ ਖੇੜਾ ਦੀਆਂ ਸੈਂਕੜਾ ਏਕੜ ਫ਼ਸਲ ਕੀਤੀ ਬਰਬਾਦ, ਪ੍ਰਸ਼ਾਸਨ ਨੇ ਨਹੀ ਸੁਣੀ ਪੁਕਾਰ
Sunday, Aug 23, 2020 - 03:08 PM (IST)
ਫਾਜ਼ਿਲਕਾ(ਸੁਨੀਲ ਨਾਗਪਾਲ) : ਜਿਲ੍ਹਾ ਫਾਜ਼ਿਲਕਾ ਦੇ ਵਿਧਾਨਸਭਾ ਹਲਕਾ ਬਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਨੂੰ ਅਕਸਰ ਹੀ ਕੁਦਰਤੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤਨਾ ਪੈਂਦਾ ਹੈ । ਇੱਕ ਵਾਰ ਫਿਰ ਪਿੰਡ ਦਾ ਕਰੀਬ 300 ਤੋਂ ਵੱਧ ਦਾ ਰਕਬਾ ਮੀਂਹ ਦੀ ਭੇਂਟ ਚੜ੍ਹ ਗਿਆ । ਕਿਸਾਨਾਂ ਵਲੋਂ ਖੇਤਾਂ ‘ਚ ਖੜ੍ਹੇ ਪਾਣੀ ਨੂੰ ਖੇਤਾਂ ਵਿਚੋਂ ਬਾਹਰ ਕੱਢਣ ਲਈ ਆਪਣੇ ਪੱਧਰ ‘ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਹਾਦਰ ਖੇੜਾ ਦਾ ਸੈਂਕੜਾ ਏਕੜ ਰਕਬਾ , ਜਿਸ ਵਿਚ ਬਿਜਾਈ ਕੀਤੀ ਹੋਈ ਹੈ। ਉਸ ਇਲਾਕੇ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਰੀਬ 300 ਏਕੜ ਰਕਬਾ ਪਾਣੀ ‘ਚ ਡੁਬਿਆ ਹੋਇਆ ਹੈ ਅਤੇ ਇਸ ਕਾਰਨ ਫਸਲਾਂ ਬਰਬਾਦ ਹੋ ਗਈਆਂ ਹਨ । ਜੋ ਫ਼ਸਲ ਪਾਣੀ ‘ਚ ਡੁਬ ਗਈ ਉਸਦੇ ਬਹਾਲ ਹੋਣ ਦੀ ਕੋਈ ਉਮੀਦ ਨਹੀਂ ਹੈ । ਉਨ੍ਹਾਂ ਦੱਸਿਆ ਕਿ ਪਿੰਡ ਦਾ ਕਰੀਬ 200 ਏਕੜ ਰਕਬਾ ਝੋਨੇ ਹੇਠ ਅਤੇ 100 ਏਕੜ ਰਕਬਾ ਨਰਮੇ ਹੇਠ ਵਾਲਾ ਬਰਬਾਦ ਹੋ ਗਿਆ ਹੈ ।
ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਮੀਂਹ ਕਰਕੇ ਪਾਣੀ ਖੇਤਾਂ ‘ਚ ਇਕੱਠਾ ਹੋ ਗਿਆ ਅਤੇ ਉੱਚੇ ਖੇਤਾਂ ਅਤੇ ਹੋਰ ਪਾਸਿਓਂ ਵੀ ਪਾਣੀ ਇਸ ਪ੍ਰਭਾਵਿਤ ਰਕਬੇ ‘ਚ ਪਹੁੰਚ ਗਿਆ ਅਤੇ ਫਸਲ ਡੁੱਬ ਗਈ । ਬੇਸ਼ੱਕ ਕਿਸਾਨ ਆਪਣੇ ਪੱਧਰ ‘ਤੇ ਮੋਟਰਾਂ ਰਾਂਹੀ ਪਾਣੀ ਖੇਤਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਨਹੀ ਲੈਂਦਾ ਤੱਦ ਤੱਕ ਖੇਤਾਂ ਵਿਚੋ ਪਾਣੀ ਕੱਢਣ ‘ਚ ਦਿੱਕਤ ਹੀ ਦਿੱਕਤ ਹੈ । ਉਨ੍ਹਾਂ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਨੂੰ ਗੁਹਾਰ ਲਗਾਈ ਹੈ ਕਿ ਉਹ ਇੱਕ ਵਾਰੀ ਮੌਕੇ 'ਤੇ ਆ ਕੇ ਵੇਖਣ ਅਤੇ ਬਰਬਾਦ ਫਸਲਾਂ ਦੀ ਭਰਪਾਈ ਲਈ ਮਦਦ ਕੀਤੀ ਜਾਵੇ । ਕਿਸਾਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪਾਣੀ ਨਿਕਾਸੀ ਦਾ ਪ੍ਰਬੰਧ ਪੱਕੇ ਤੌਰ ‘ਤੇ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਸਮਸਿਆਵਾਂ ਆਉਣ ‘ਤੇ ਫਸਲਾਂ ਨੂੰ ਬਚਾਇਆ ਜਾ ਸਕੇ ।