ਪੰਜਾਬ ''ਚ ਬਾਰਸ਼ ਨੇ ਤੋੜੇ ਪਿਛਲੇ ਰਿਕਾਰਡ, ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਕੀਤੀ ਭਵਿੱਖਬਾਣੀ
Friday, Sep 17, 2021 - 01:27 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਵਿੱਚ ਹੋ ਰਹੀ ਬਾਰਸ਼ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਕ ਦਿਨ ਵਿਚ ਹੀ ਇਕ ਮਹੀਨੇ ਜਿੰਨੀ ਬਾਰਸ਼ ਹੋ ਗਈ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਵਿੱਚ ਆਮ ਤੌਰ 'ਤੇ 101 ਐਮ. ਐਮ. ਦੇ ਕਰੀਬ ਬਾਰਸ਼ ਹੁੰਦੀ ਹੈ ਪਰ ਬੀਤੇ 24 ਘੰਟਿਆਂ ਦੇ ਦੌਰਾਨ ਹੀ 113 ਐਮ. ਐਮ. ਦੇ ਕਰੀਬ ਬਾਰਸ਼ ਹੋ ਗਈ ਹੈ, ਜਿਸ ਨੇ ਇਕ ਦਿਨ 'ਚ ਹੀ ਸਤੰਬਰ ਮਹੀਨੇ ਦੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸ਼ਰਾਬ ਠੇਕੇਦਾਰਾਂ ਨੂੰ ਦਿੱਤੀ ਰਾਹਤ, ਠੇਕਿਆਂ ਦੀ ਲਾਈਸੈਂਸ ਫ਼ੀਸ ਕੀਤੀ ਮੁਆਫ਼
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 2 ਦਿਨਾਂ ਤੱਕ ਹੋਰ ਬਾਰਸ਼ ਪੈਣ ਦੀ ਸੰਭਾਵਨਾ ਹੈ ਅਤੇ ਸਤੰਬਰ ਮਹੀਨੇ 'ਚ ਹੀ ਬਾਰਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਦੋਂ ਕਿ ਅਗਸਤ ਮਹੀਨੇ 'ਚ ਮਾਨਸੂਨ ਕਮਜ਼ੋਰ ਰਿਹਾ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ 15 ਸਤੰਬਰ ਤੱਕ ਮਾਨਸੂਨ ਚਲਾ ਜਾਂਦਾ ਹੈ ਪਰ ਮਾਨਸੂਨ ਜਾਣ ਦੀ ਥਾਂ ਬਾਰਸ਼ਾਂ ਵੱਧ ਗਈਆਂ ਹਨ।
ਇਹ ਵੀ ਪੜ੍ਹੋ : 'ਆਪ' ਆਗੂ ਸਰਬਜੀਤ ਕੌਰ ਮਾਣੂਕੇ ਦਾ ਕੈਪਟਨ 'ਤੇ ਵੱਡਾ ਹਮਲਾ, ਪੰਜਾਬ ਦੀ ਬਰਬਾਦੀ ਲਈ ਦੱਸਿਆ ਜ਼ਿੰਮੇਵਾਰ
ਉਨ੍ਹਾਂ ਨੇ ਕਿਹਾ ਕਿ ਆਉਂਦੀ 20 ਸਤੰਬਰ ਤੱਕ ਬਾਰਸ਼ ਦੀ ਸੰਭਾਵਨਾ ਹੈ। ਡਾ. ਪ੍ਰਭਜੋਤ ਨੇ ਕਿਹਾ ਕਿ ਇਹ ਬਾਰਸ਼ ਫਸਲਾਂ ਲਈ ਕੋਈ ਬਹੁਤੀ ਫ਼ਾਇਦੇਮੰਦ ਵੀ ਨਹੀਂ ਹੈ ਅਤੇ ਨੁਕਸਾਨਦੇਹ ਵੀ ਨਹੀਂ ਹੈ ਪਰ ਹਾਂ ਜੇਕਰ 20 ਸਤੰਬਰ ਤੋਂ ਬਾਅਦ ਵੀ ਲਗਾਤਾਰ ਬਾਰਸ਼ ਹੁੰਦੀ ਹੈ ਤਾਂ ਇਸ ਦਾ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
ਲੁਧਿਆਣਾ ਵਿੱਚ ਹੋ ਰਹੀ ਬਾਰਸ਼ ਦੇ ਕਾਰਨ ਸਮਾਰਟ ਸਿਟੀ ਦੀ ਪੋਲ ਖੁੱਲ੍ਹਦੀ ਵੀ ਵਿਖਾਈ ਦੇ ਰਹੀ ਹੈ। ਲੁਧਿਆਣਾ ਦੀਆਂ ਸੜਕਾਂ 'ਤੇ ਪਾਣੀ ਇਸ ਕਦਰ ਇਕੱਠਾ ਹੋ ਗਿਆ, ਜਿਵੇਂ ਕੋਈ ਛੱਪੜ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ