ਗੜ੍ਹੇਮਾਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਝੰਬੀਆਂ, ਕਣਕ ਦੀ ਬਿਜਾਈ ਵੀ ਪ੍ਰਭਾਵਿਤ

11/16/2020 1:42:58 PM

ਮਾਛੀਵਾੜਾ ਸਾਹਿਬ (ਟੱਕਰ) : ਸਰਦੀਆਂ ਦੇ ਮੌਸਮ ਦੇ ਪਹਿਲੇ ਤੇਜ਼ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਝੰਬ ਸੁੱਟਿਆ, ਜਿਸ ਕਾਰਣ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ’ਚ ਬੀਤੀ ਦੇਰ ਸ਼ਾਮ ਤੋਂ ਹੀ ਮੀਂਹ ਸ਼ੁਰੂ ਹੋਇਆ, ਜੋ ਕਿ ਅੱਜ ਸਵੇਰੇ 11 ਵਜੇ ਤੱਕ ਰੁਕ-ਰੁਕ ਕੇ ਪੈਂਦਾ ਰਿਹਾ ਅਤੇ ਕਈ ਥਾਵਾਂ ’ਤੇ ਗੜ੍ਹੇਮਾਰੀ ਵੀ ਹੋਈ।

ਇਸ ਮੀਂਹ ਕਾਰਣ ਜਿੱਥੇ ਲੋਕਾਂ ਨੇ ਠੰਢ ਦਾ ਅਹਿਸਾਸ ਕਰਦਿਆਂ ਕੋਟੀਆਂ, ਜੈਕੇਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਉੱਥੇ ਖੇਤਾਂ ’ਚ ਕਿਸਾਨਾਂ ਦੀ ਆਲੂ, ਪਸ਼ੂਆਂ ਲਈ ਬੀਜਿਆ ਚਾਰਾ, ਲਸਣ, ਸਰ੍ਹੋਂ ਦੀ ਫਸਲ ਕਾਫ਼ੀ ਪ੍ਰਭਾਵਿਤ ਹੋਈ ਅਤੇ ਗੜ੍ਹੇਮਾਰੀ ਨੇ ਕਈ ਥਾਵਾਂ ’ਤੇ ਫ਼ਸਲ ਜ਼ਮੀਨ ’ਤੇ ਵਿਛਾ ਦਿੱਤੀ। ਜਿਨ੍ਹਾਂ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ 20 ਦਿਨ ਪਹਿਲਾਂ ਕਰ ਦਿੱਤੀ ਗਈ ਸੀ, ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਕੁੱਝ ਕਿਸਾਨਾਂ ਵੱਲੋਂ ਅਜੇ 2 ਦਿਨ ਪਹਿਲਾਂ ਹੀ ਕਣਕ ਦੀ ਬਿਜਾਈ ਕੀਤੀ ਸੀ, ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ ਕਿ ਇਸ ਦਾ ਦਾਣਾ ਹੁਣ ਖੇਤਾਂ ’ਚ ਜੰਮੇਗਾ ਜਾਂ ਨਹੀਂ।

ਦੂਸਰੇ ਪਾਸੇ ਜਿਹੜੇ ਕਿਸਾਨ ਅਜੇ ਕਣਕ ਦੀ ਬਿਜਾਈ ਲਈ ਖੇਤਾਂ ਦੀ ਵਹਾਈ ਕਰ ਰਹੇ ਸਨ, ਉਨ੍ਹਾਂ ਨੂੰ ਹੁਣ ਕਣਕ ਬੀਜਣੀ ਔਖੀ ਹੋ ਗਈ ਹੈ, ਜਿਸ ਕਾਰਣ ਖੇਤ ਤਿਆਰ ਹੋਣ ਤੱਕ ਇਹ ਪੱਛੜ ਜਾਵੇਗੀ। ਮਾਛੀਵਾੜਾ ਇਲਾਕੇ ’ਚ ਜ਼ਿਆਦਾਤਰ ਝੋਨੇ ਦੀ ਕਟਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਕਾਰਣ ਝੋਨੇ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ।


Babita

Content Editor

Related News