ਮੌਸਮ ਦਾ ਬਦਲਿਆ ਮਿਜਾਜ਼, ਮੀਂਹ ਨੇ ਮੁਸੀਬਤ ''ਚ ਪਾਏ ਕਿਸਾਨ

Tuesday, Apr 28, 2020 - 09:13 AM (IST)

ਲੁਧਿਆਣਾ (ਸਲੂਜਾ) : ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੱਲੀਆਂ ਤੇਜ਼ ਹਵਾਵਾਂ ਦੇ ਨਾਲ ਬੀਤੇ ਦਿਨ 3.4 ਮਿਲੀਮੀਟਰ ਬਾਰਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਤਾਂ ਬਦਲ ਗਿਆ ਪਰ ਕਣਕ ਦੀ ਵਾਢੀ ਕਰਨ ਵਾਲੇ ਕਿਸਾਨਾਂ ਅਤੇ ਮੰਡੀਆਂ 'ਚ ਫਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਮੁਸੀਬਤ 'ਚ ਪਾ ਦਿੱਤਾ। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 29.4 ਅਤੇ ਘੱਟੋ-ਘੱਟ 20.6 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 72 ਅਤੇ ਸ਼ਾਮ ਨੂੰ 52 ਫੀਸਦੀ ਰਿਕਾਰਡ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਸ ਸਮੇਂ ਕਿਸਾਨਾਂ ਨੂੰ ਕੋਰੋਨਾ ਨਾਲ ਕੁਦਰਤੀ ਮਾਰ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ ਇਕੱਠੀਆਂ 3 ਟਰਾਲੀਆਂ ਮੰਡੀ 'ਚ ਲਿਆਉਣ ਦੀ ਮਨਜ਼ੂਰੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਜੋ ਕਣਕ ਦੀ ਫਸਲ ਪਹਿਲਾਂ ਤੋਂ ਮੰਡੀਆਂ 'ਚ ਪਈ ਹੈ, ਉਹ ਚੁੱਕੀ ਨਹੀਂ ਜਾ ਰਹੀ, ਨਾ ਹੀ ਨਵੇਂ ਪਾਸ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਹਨ। ਇਸ ਕਾਰਨ ਕਿਸਾਨ ਆਪਣੀ ਫਸਲ ਨੂੰ ਵੇਚਣ ਤੋਂ ਅਸਮਰੱਥ ਹਨ। ਬਾਰਦਾਨੇ ਦੀ ਕਮੀ ਕਾਰਨ ਫਸਲ ਦੀ ਸੰਭਾਲ ਵੀ ਨਹੀਂ ਹੋ ਰਹੀ। ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਰਕਾਰੀ ਪ੍ਰਬੰਧਕਾਂ ਦੀ ਕਮੀ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫਸਲ ਮੰਡੀਆਂ 'ਚ ਭਿੱਜ ਗਈ ਹੈ, ਉਸ 'ਚ ਨਮੀ ਦੀ ਮਾਤਰਾ ਸਰਕਾਰ ਨੂੰ ਘੱਟ ਕਰ ਦੇਣੀ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਆਰਥਿਕ ਪੱਖੋਂ ਨੁਕਸਾਨ ਨਾ ਸਹਿਣਾ ਪਵੇ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਬਾਰਸ਼ ਕਾਰਨ ਨੁਕਸਾਨ ਹੋ ਗਿਆ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਬਾਰਸ਼ ਕਾਰਨ ਭਿੱਜੀ ਕਣਕ, ਤਰਪਾਲਾਂ ਦੀ ਕਮੀ ਫਿਰ ਰੜਕੀ
ਲੁਧਿਆਣਾ (ਮੋਹਿਨੀ) : ਮੌਸਮ ਦੇ ਬਦਲਦੇ ਮਿਜਾਜ ਕਾਰਨ ਅਪ੍ਰੈਲ 'ਚ ਵੀ ਬਾਰਸ਼ਾਂ ਹੋ ਰਹੀਆਂ ਹਨ। ਇਸ ਨਾਲ ਜਿੱਥੇ ਕਿਸਾਨ ਹੈਰਾਨ ਹਨ, ਉਥੇ ਮੰਡੀਆਂ 'ਚ ਫਸਲ ਮੰਗਵਾਉਣ ਵਾਲੇ ਆੜ੍ਹਤੀਆਂ ਦੇ ਵੀ ਪ੍ਰਬੰਧ ਫੋਕੇ ਸਾਬਤ ਹੋ ਰਹੇ ਹਨ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਸ ਵਾਰ ਅਪ੍ਰੈਲ ’ਚ ਮੌਸਮ ਬਾਰਸ਼ਾਂ ਦੇ ਨਾਲ ਭਿੱਜ ਕੇ ਖਰਾਬ ਜਾਵੇਗੀ। ਸੋਮਵਾਰ ਨੂੰ ਸਵੇਰ ਫਿਰ ਤੋਂ ਹੋਈ ਬਾਰਸ਼ ਨੇ ਮਾਰਕਿਟ ਕਮੇਟੀ ਦੀਆਂ 8 ਮੰਡੀਆਂ 'ਚ ਪਈ ਕਣਕ ਗਿੱਲ ਕਰ ਦਿੱਤੀ ਅਤੇ ਇਸ 'ਚ ਫਿਰ ਤੋਂ ਨਮੀ ਦੀ ਮਾਤਰਾ ਵਧਾ ਦਿੱਤੀ ਹੈ। ਬਹਾਦਰਕੇ ਰੋਡ ਦਾਣਾ ਮੰਡੀ ਨੂੰ ਛੱਡ ਕੇ ਮਾਰਕਿਟ ਕਮੇਟੀ ਦੀਆਂ ਬਾਕੀ ਮੰਡੀਆਂ 'ਚ ਇੰਨਾ ਵੱਡਾ ਸ਼ੈੱਡ ਨਹੀਂ ਹੈ, ਜਿਸ 'ਚ ਜ਼ਿਆਦਾਤਰ ਫਸਲ ਨੂੰ ਰੱਖਿਆ ਜਾ ਸਕੇ, ਜਿਸ ਕਾਰਨ ਕਿਸਾਨਾਂ ਵੱਲੋਂ ਲਿਆਂਦੀ ਗਈ ਲਗਭਗ 80 ਫੀਸਦੀ ਫਸਲ ਨੂੰ ਖੁੱਲ੍ਹੇ ਆਸਮਾਨ ਦੇ ਥੱਲੇ ਹੀ ਰੱਖਿਆ ਜਾ ਰਿਹਾ ਸੀ, ਜਿਸ ਨੂੰ ਬਾਰਸ਼ ਨੇ ਗਿੱਲਾ ਕਰ ਦਿੱਤਾ। 


Babita

Content Editor

Related News