ਬਠਿੰਡਾ ’ਚ ਮੀਂਹ ਨੇ ਗਰਮੀ ਤੇ ਹੁੰਮਸ ਤੋਂ ਦਿਵਾਈ ਵੱਡੀ ਰਾਹਤ

Tuesday, Aug 11, 2026 - 01:54 PM (IST)

ਬਠਿੰਡਾ ’ਚ ਮੀਂਹ ਨੇ ਗਰਮੀ ਤੇ ਹੁੰਮਸ ਤੋਂ ਦਿਵਾਈ ਵੱਡੀ ਰਾਹਤ

ਬਠਿੰਡਾ (ਮਨਜੀਤ) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਬਾਅਦ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ 'ਚ ਪਏ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ। ਸਵੇਰ ਤੋਂ ਹੀ ਆਸਮਾਨ 'ਚ ਛਾਏ ਬੱਦਲਾਂ ਅਤੇ ਬਾਅਦ 'ਚ ਹੋਈ ਬਾਰਸ਼ ਨੇ ਮੌਸਮ ਦਾ ਮਿਜਾਜ਼ ਇੱਕਦਮ ਬਦਲ ਦਿੱਤਾ। ਲਗਾਤਾਰ ਦੂਜੇ ਦਿਨ ਮੀਂਹ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਆਈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਸੋਮਵਾਰ ਨੂੰ ਜ਼ਿਲ੍ਹੇ 'ਚ ਕਰੀਬ 33 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਨੂੰ ਲਗਭਗ 8 ਮਿਲੀਮੀਟਰ ਮੀਂਹ ਪਿਆ ਸੀ। ਇਸ ਤਰ੍ਹਾਂ ਦੋ ਦਿਨਾਂ 'ਚ ਕੁੱਲ 41 ਮਿਲੀਮੀਟਰ ਮੀਂਹ ਦਰਜ ਹੋਇਆ ਹੈ। ਇਕ ਪਾਸੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਦੂਜੇ ਪਾਸੇ ਸ਼ਹਿਰ ਦੀ ਪਾਣੀ ਨਿਕਾਸੀ ਪ੍ਰਣਾਲੀ ਦੀਆਂ ਕਮੀਆਂ ਵੀ ਸਾਹਮਣੇ ਆ ਗਈਆਂ। ਭਾਰੀ ਮੀਂਹ ਤੋਂ ਬਾਅਦ ਬਠਿੰਡਾ ਸ਼ਹਿਰ ਦੀਆਂ ਕਈ ਨੀਵੀਆਂ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ।

ਕਈ ਸੜਕਾਂ, ਗਲੀਆਂ ਅਤੇ ਬਾਜ਼ਾਰਾਂ 'ਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਰਿਹਾਇਸ਼ੀ ਇਲਾਕਿਆਂ 'ਚ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਵੀ ਪ੍ਰੇਸ਼ਾਨੀ ਹੋਈ। ਬਾਜ਼ਾਰਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਕੁੱਝ ਥਾਵਾਂ ’ਤੇ ਦੁਕਾਨਾਂ ਦੇ ਬਾਹਰ ਪਾਣੀ ਇਕੱਠਾ ਹੋਣ ਕਾਰਨ ਗਾਹਕਾਂ ਦੀ ਆਵਾਜਾਈ ਘੱਟ ਰਹੀ। ਮੌਸਮ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ 'ਚ ਅਗਲੇ ਦੋ ਦਿਨਾਂ ਦੌਰਾਨ ਵੀ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਅਨੁਸਾਰ 11 ਅਗਸਤ ਅਤੇ 12 ਅਗਸਤ ਨੂੰ ਕਰੀਬ ਦੋ-ਦੋ ਮਿਲੀਮੀਟਰ ਮੀਂਹ ਪੈ ਸਕਦਾ ਹੈ। ਜੇਕਰ ਇਹ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਤਾਂ ਮੀਂਹ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਕਿਸਾਨਾਂ ਨੂੰ ਉਮੀਦ ਹੈ ਕਿ ਮਾਨਸੂਨ ਦੀ ਸਰਗਰਮੀ ਨਾਲ ਆਉਣ ਵਾਲੇ ਦਿਨਾਂ 'ਚ ਬਠਿੰਡਾ ਜ਼ਿਲ੍ਹੇ 'ਚ ਹੋਰ ਮੀਂਹ ਪਵੇਗਾ ਅਤੇ ਮੀਂਹ ਦੀ ਘਾਟ ਕੁਝ ਹੱਦ ਤੱਕ ਪੂਰੀ ਹੋ ਸਕੇਗੀ। ਦੂਜੇ ਪਾਸੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪਹਿਲਾਂ ਤੋਂ ਹੀ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਬਾਰਿਸ਼ ਲੋਕਾਂ ਲਈ ਰਾਹਤ ਦੇ ਨਾਲ ਮੁਸੀਬਤ ਦਾ ਕਾਰਨ ਨਾ ਬਣੇ।
 


author

Babita

Content Editor

Related News