ਸਾਂਡਪੁਰ ’ਚ ਮੀਂਹ ਨੇ ਫਿਰ ਮਚਾਇਆ ਕਹਿਰ

08/14/2018 1:00:31 AM

ਤਲਵਾਡ਼ਾ,   (ਜ.ਬ.)-  ਸਾਂਡਪੁਰ ਤੇ ਤਲਵਾਡ਼ਾ ’ਚ ਅੱਜ ਫਿਰ ਪਏ ਭਾਰੀ ਮੀਂਹ ਕਾਰਨ ਆਏ ਹਡ਼੍ਹ ਨੇ ਕਹਿਰ ਮਚਾਇਆ। ਬੀਤੀ ਰਾਤ  ਪਏ  ਭਾਰੀ ਮੀਂਹ ਦਾ ਪਾਣੀ ਹੜ੍ਹ   ਦਾ  ਰੂਪ  ਧਾਰ  ਕੇ  ਰਾਤ ਦੇ ਹਨੇਰੇ ’ਚ ਸਾਂਡਪੁਰ ਦੀਆਂ ਗਲੀਆਂ, ਬਾਜ਼ਾਰਾਂ, ਦੁਕਾਨਾਂ ਅਤੇ ਮਕਾਨਾਂ ’ਚ ਦਾਖਲ  ਹੋ  ਗਿਆ। ਬੇਵੱਸ ਲੋਕ ਛੱਤਾਂ ’ਤੇ ਖਡ਼੍ਹੇ ਹੋ ਕੇ ਟਾਰਚਾਂ ਦੀ ਲਾਈਟ ’ਚ ਆਪਸ ’ਚ ਗੱਲ ਕਰ ਕੇ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੇ। ਅਸਮਾਨੀ ਬਿਜਲੀ ਵਾਰ-ਵਾਰ ਗਰਜਣ ਕਾਰਨ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ  ਗਈ ਸੀ, ਜਿਸ  ਕਾਰਨ  ਲੋਕ ਹਨੇਰੇ ’ਚ  ਜਾਗਣ ’ਤੇ ਮਜਬੂਰ ਹੋ ਗਏ। 
ਇਸ ਵਾਰ ਹੜ੍ਹ ਦਾ ਪਾਣੀ  7 ਵਾਰ ਪਹਿਲਾਂ ਆਏ ਹੜ੍ਹ ਤੋਂ ਵੀ ਜ਼ਿਆਦਾ ਭਿਆਨਕ ਸੀ। ਹੜ੍ਹ  ਦੇ ਪਾਣੀ ਨੇ ਇਕ ਘਰ ਨੂੰ  ਸਿੱਧਾ ਨਿਸ਼ਾਨਾ ਬਣਾਇਆ। ਅਸ਼ੋਕ ਕੁਮਾਰ ਦੇ ਘਰ ’ਚ ਹੜ੍ਹ ਦਾ ਪਾਣੀ ਦਾਖਲ ਹੋਣ ਕਾਰਨ ਘਰ ਕਾਫੀ ਨੁਕਸਾਨਿਆ ਗਿਆ।  ਇਹੀ ਨਹੀਂ ਇਕ ਧਾਰਮਕ ਅਸਥਾਨ ਦੀ ਕੰਧ ਵੀ ਹੜ੍ਹ ਦੇ ਪਾਣੀ ਨੇ ਢਾਹ ਦਿੱਤੀ। ਹਜ਼ਾਰਾਂ ਟਨ ਮਲਬਾ ਫਿਰ ਹੜ੍ਹ ਦੇ ਪਾਣੀ ’ਚ ਵਹਿ ਕੇ ਕਾਲੀ ਮਾਤਾ ਮੰਦਰ ਨੇੜੇ ਪਹੁੰਚ ਗਿਆ, ਜਿੱਥੋਂ ਹੜ੍ਹ  ਦਾ ਪਾਣੀ ਬਾਜ਼ਾਰ ’ਚ ਦਾਖਲ ਹੋ  ਗਿਆ। ਸਹਿਕਾਰੀ ਬੈਂਕ ਨੇੜੇ ਇਕ ਸੈਲੂਨ ’ਚ ਹੜ੍ਹ ਦਾ ਪਾਣੀ ਮਿੱਟੀ ਦੀ ਗਾਰ ਸਮੇਤ ਦਾਖਲ  ਹੋ ਗਿਆ। ਸਵੇਰੇ ‘ਜਗ ਬਾਣੀ’ ਦੀ ਟੀਮ ਨੇ ਦੇਖਿਆ ਕਿ ਹੜ੍ਹ ਪੀਡ਼ਤ ਆਪਣੇ ਘਰਾਂ ਅਤੇ ਦੁਕਾਨਾਂ ਅੱਗੇ ਪਾਣੀ ਦੇ ਤੇਜ਼ ਵਹਾਅ ਨਾਲ ਪਏ ਟੋਇਆਂ ਨੂੰ ਪੱਥਰਾਂ ਨਾਲ ਭਰ ਰਹੇ ਸਨ। ਦੂਰ-ਦੁਰਾਡਿਓਂ ਆਏ ਲੋਕ ਵੀ ਇਥੇ ਹੜ੍ਹ ਦੇ ਕਹਿਰ ਨਾਲ ਉਭਰੇ ਨਿਸ਼ਾਨ ਦੇਖ ਰਹੇ ਸਨ। 
ਪਿਛਲੀ ਰਾਤ ਤੋਂ ਹੀ ਅਸਮਾਨ ’ਚ ਬੱਦਲ ਛਾਏ ਸਨ। ਪੂਰੇ ਇਲਾਕਾ ਵਾਸੀਆਂ ਵਿਚ ੲਿਹ ਸੋਚ-ਸੋਚ ਕੇ ਸਹਿਮ ਦਾ ਮਾਹੌਲ ਸੀ ਕਿ ਜੇਕਰ ਰਾਤ ਨੂੰ ਮੀਂਹ ਪੈ ਗਿਆ ਤਾਂ 
ਉਹ ਕਿਤੇ ਫਿਰ ਹੜ੍ਹ ਦਾ ਸ਼ਿਕਾਰ ਨਾ ਬਣ ਜਾਣ।

ਨਠੋਲੀ ’ਚ ਮੀਂਹ ਨੇ ਮਕਾਨ ਕੀਤਾ ਢਹਿ-ਢੇਰੀ 
ਦੇਰ ਰਾਤ ਪਏ ਮੀਂਹ ਨੇ ਮੁਹੱਲਾ ਨਠੋਲੀ ਦੇ ਇਕ ਮਕਾਨ ਨੂੰ ਢਹਿ-ਢੇਰੀ ਕਰ ਦਿੱਤਾ।  ਰਾਤ ਕਰੀਬ 2 ਵਜੇ ਜਦੋਂ ਮੀਂਹ ਪੂਰੇ ਜ਼ੋਰਾਂ ’ਤੇ ਪੈ ਰਿਹਾ ਸੀ ਤਾਂ ਨਰੇਸ਼ ਕੁਮਾਰ ਦੇ ਮਕਾਨ ਦਾ ਕਾਫੀ ਹਿੱਸਾ ਢਹਿ ਗਿਆ ਅਤੇ ਕੰਧਾਂ  ਡਿੱਗ ਗਈਆਂ। ਚੰਗੀ ਗੱਲ ੲਿਹ ਰਹੀ ਕਿ ਘਰ ਦੇ ਮੈਂਬਰ ਢਹਿ-ਢੇਰੀ ਹੋਏ ਕਮਰਿਆਂ ਵਿਚ ਨਹੀਂ ਸਨ, ਸਗੋਂ ਦੂਜੇ ਕਮਰਿਆਂ  ਵਿਚ ਸੁੱਤੇ ਪਏ ਸਨ, ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।  ਢਹਿ-ਢੇਰੀ   ਹੋਏ  ਕਮਰਿਆਂ ਦੇ ਮਲਬੇ ਹੇਠਾਂ ਦਬ ਕੇ ਘਰੇਲੂ ਸਾਮਾਨ ਜ਼ਰੂਰ ਨੁਕਸਾਨਿਆ ਗਿਆ।


Related News