ਚੰਡੀਗੜ੍ਹ ''ਚ 2 ਦਿਨ ਮੀਂਹ ਪੈਣ ਦੇ ਆਸਾਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Saturday, Feb 03, 2024 - 12:49 PM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ ਫ਼ਿਰ ਮੀਂਹ ਦੇ ਆਸਾਰ ਬਣ ਗਏ ਹਨ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ, ਜਿਸ ਕਾਰਨ ਐਤਵਾਰ ਅਤੇ ਸੋਮਵਾਰ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਇਸ ਨੂੰ ਦੇਖਦੇ ਹੋਏ ਵਿਭਾਗ ਨੇ ਅਲਰਟ ਵੀ ਜਾਰੀ ਕੀਤਾ ਹੈ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਸਮੇਤ ਕਈ ਜਗ੍ਹਾ ’ਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਬਣ ਗਈ ਹੈ।
ਇਸ ਦੌਰਾਨ 30 ਤੋਂ 40 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਹਾਲਾਂਕਿ ਘੱਟੋ-ਘੱਟ ਤਾਪਮਾਨ ’ਤੇ ਖ਼ਾਸ ਅਸਰ ਨਹੀਂ ਪਵੇਗਾ। ਅਗਲੇ 5 ਦਿਨਾਂ ਤੱਕ ਰਾਤ ਦੇ ਤਾਪਮਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ। ਤਾਪਮਾਨ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਹੋਇਆ ਹੈ। ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 18 ਤੋਂ 19 ਡਿਗਰੀ ਵਿਚਕਾਰ ਬਣੇ ਰਹਿਣ ਦੀ ਸੰਭਾਵਨਾ ਹੈ।
ਸ਼ਨੀਵਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 18, ਜਦਕਿ ਘੱਟੋ-ਘੱਟ 7 ਡਿਗਰੀ ਰਹਿ ਸਕਦਾ ਹੈ। ਐਤਵਾਰ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਤੇ ਗਰਜ ਦੇ ਨਾਲ ਬਾਰਸ਼ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 16, ਜਦਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਰਹਿ ਸਕਦਾ ਹੈ। ਸੋਮਵਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਗਰਜ ਦੇ ਨਾਲ ਬਾਰਸ਼ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 16, ਜਦਕਿ ਘੱਟੋ-ਘੱਟ 9 ਡਿਗਰੀ ਰਹਿ ਸਕਦਾ ਹੈ।