ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਅਗੇਤੀ ਖੇਤੀ ਤੇ ਸਬਜ਼ੀਆਂ ਨੂੰ ਨੁਕਸਾਨ

11/29/2019 2:39:20 PM

ਚੰਡੀਗੜ੍ਹ (ਏਜੰਸੀਆਂ) : ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਇਲਾਕਿਆਂ 'ਚ ਪਏ ਮੀਂਹ ਅਤੇ ਹੋਈ ਗੜੇਮਾਰੀ ਕਾਰਨ ਕਣਕ ਦੀ ਅਗੇਤੀ ਖੇਤੀ ਸਮੇਤ ਸਬਜ਼ੀਆਂ ਅਤੇ ਹੋਰਨਾਂ ਫਸਲਾਂ ਨੂੰ ਨੁਕਸਾਨ ਪੁੱਜਾ। ਮੰਡੀਆਂ 'ਚ ਪਿਆ ਝੋਨਾ ਭਿੱਜ ਗਿਆ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਮੀਂਹ ਜਾਂ ਗੜੇ ਪੈ ਸਕਦੇ ਹਨ। ਉਸ ਤੋਂ ਬਾਅਦ ਐਤਵਾਰ ਅਤੇ ਸੋਮਵਾਰ ਮੌਸਮ ਸਾਫ ਰਹੇਗਾ। ਦੋਵਾਂ ਸੂਬਿਆਂ 'ਚ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਪਹਾੜਾਂ 'ਤੇ ਹੋਈ ਤਾਜ਼ਾ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ 'ਚ ਠੰਡ ਵਧ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ 'ਚ 9, ਅੰਬਾਲਾ 'ਚ 19, ਕਰਨਾਲ 'ਚ 15, ਰੋਹਤਕ 'ਚ 36, ਅੰਮ੍ਰਿਤਸਰ 'ਚ 6, ਲੁਧਿਆਣਾ 'ਚ 5, ਪਠਾਨਕੋਟ 'ਚ 10, ਜਲੰਧਰ ਨੇੜੇ ਆਦਮਪੁਰ 'ਚ 16, ਗੁਰਦਾਸਪੁਰ 'ਚ 23 ਅਤੇ ਬਠਿੰਡਾ 'ਚ 3 ਮਿਲੀਮੀਟਰ ਮੀਂਹ ਪਿਆ। ਪੂਰੇ ਖੇਤਰ 'ਚ ਘੱਟੋ-ਘੱਟ ਤਾਪਮਾਨ 13 ਤੋਂ 16 ਡਿਗਰੀ ਸੈਲਸੀਅਸ ਦਰਮਿਆਨ ਰਿਹਾ।

ਹਿਮਾਚਲ ਦੇ ਉਚੇਰੇ ਇਲਾਕਿਆਂ ਵਿਚ ਹੋਰ ਬਰਫ ਪੈਣ ਨਾਲ ਆਮ ਜ਼ਿੰਦਗੀ 'ਤੇ ਮਾੜਾ ਅਸਰ ਪਿਆ ਹੈ। ਕਿਨੌਰ ਜ਼ਿਲਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਰੋਹਤਾਂਗ ਦੱਰਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਿਮਲਾ ਜ਼ਿਲੇ ਦੇ ਕੁਫਰੀ ਵਿਚ ਵੀਰਵਾਰ ਘੱਟੋ-ਘੱਟ ਤਾਪਮਾਨ ਸਿਫਰ ਤੋਂ ਵੀ ਹੇਠਾਂ ਚਲਾ ਗਿਆ। ਸ਼ਿਮਲਾ ਵਿਚ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਸੂਬੇ ਦੇ ਗੋਂਦਲਾ ਵਿਖੇ 31 ਸੈਂਟੀਮੀਟਰ ਬਰਫ ਪਈ ਹੈ। ਲਾਹੌਲ-ਸਪਿਤੀ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Anuradha

Content Editor

Related News