ਕਾਂਗਰਸ ਇਜਲਾਸ ਤੋਂ ਬਾਅਦ ਹੋ ਸਕਦੈ ਰਾਹੁਲ ਟੀਮ ਦਾ ਐਲਾਨ

Thursday, Jan 25, 2018 - 06:56 AM (IST)

ਕਾਂਗਰਸ ਇਜਲਾਸ ਤੋਂ ਬਾਅਦ ਹੋ ਸਕਦੈ ਰਾਹੁਲ ਟੀਮ ਦਾ ਐਲਾਨ

ਜਲੰਧਰ  (ਰਵਿੰਦਰ ਸ਼ਰਮਾ)  - ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਆਪਣੀ ਨਵੀਂ ਟੀਮ ਦਾ ਗਠਨ ਕਰ ਸਕਦੇ ਹਨ। ਰਾਹੁਲ ਗਾਂਧੀ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤੀ ਦਿੱਤੀ ਜਾਵੇ, ਤਾਂ ਜੋ ਮਿਸ਼ਨ 2019 ਵਲ ਵਧਿਆ ਜਾ ਸਕੇ। ਪਾਰਟੀ ਰਣਨੀਤੀਕਾਰ ਮੰਨਦੇ ਹਨ ਕਿ ਇਜਲਾਸ ਤੋਂ ਬਾਅਦ ਕਦੀ ਵੀ ਕਾਂਗਰਸ ਪ੍ਰਧਾਨ ਦੀ ਨਵੀਂ ਟੀਮ ਦਾ ਐਲਾਨ ਹੋ ਸਕਦਾ ਹੈ। ਕਾਂਗਰਸ ਇਜਲਾਸ ਫਰਵਰੀ ਦੇ ਆਖਰੀ ਹਫਤੇ ਵਿਚ ਪੰਜਾਬ ਜਾਂ ਦਿੱਲੀ ਵਿਚ ਹੋਣ ਦੀ ਸੰਭਾਵਨਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਇਜਲਾਸ ਫਰਵਰੀ ਦੇ ਅੰਤ ਵਿਚ ਰੱਖਣ ਦਾ ਸਹੀ ਸਮਾਂ ਹੈ।  ਉਹ ਕਹਿੰਦੇ ਹਨ ਕਿ ਸੰਸਦ ਦੇ ਬਜਟ ਸੈਸ਼ਨ ਦਰਮਿਆਨ ਇਜਲਾਸ ਲਈ ਸਭ ਤੋਂ ਢੁਕਵਾਂ ਸਮਾਂ ਹੈ ਕਿਉਂਕਿ ਉਸ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ ਤੇ ਇਜਲਾਸ ਕਈ ਮਹੀਨੇ ਲਈ ਟਲ ਜਾਵੇਗਾ। ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਹਿੱਸਾ 29 ਜਨਵਰੀ ਤੋਂ ਸ਼ੁਰੂ ਹੋ ਕੇ 9 ਫਰਵਰੀ ਤੱਕ ਚੱਲੇਗਾ। ਇਸ ਤੋਂ ਬਾਅਦ ਦੂਜਾ ਹਿੱਸਾ 5 ਮਾਰਚ ਤੋਂ ਸ਼ੁਰੂ ਹੋਵੇਗਾ। ਅਜਿਹੀ ਸਥਿਤੀ ਵਿਚ ਪਾਰਟੀ ਕੋਲ ਫਰਵਰੀ ਦੇ ਆਖਿਰ ਵਿਚ ਇਜਲਾਸ ਲਈ ਲੋੜੀਂਦਾ ਸਮਾਂ ਹੈ। ਪਾਰਟੀ ਇਜਲਾਸ ਵਿਚ ਕਾਂਗਰਸ ਪ੍ਰਧਾਨ ਸਣੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। ਚੋਣਾਂ ਨੂੰ ਧਿਆਨ 'ਚ ਰੱਖ ਕੇ ਹੋਵੇਗਾ ਟੀਮ ਦਾ ਐਲਾਨ : ਰਾਹੁਲ ਗਾਂਧੀ ਆਪਣੀ ਨਵੀਂ ਟੀਮ ਦਾ ਗਠਨ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਾਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕਰਨਗੇ ਕਿਉਂਕਿ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਤੱਕ ਸੰਗਠਨ ਵਿਚ ਬਦਲਾਅ ਲਈ ਸਮਾਂ ਮਿਲਣਾ ਮੁਸ਼ਕਲ ਹੋਵੇਗਾ ਕਿਉਂਕਿ ਉੱਤਰ ਭਾਰਤ ਵਿਚ ਅਜੇ ਸਿਰਫ ਪੰਜਾਬ ਵਿਚ ਹੀ ਕਾਂਗਰਸ ਦੀ ਸਰਕਾਰ ਹੈ ਤੇ ਇਸ ਵਾਰ ਪੰਜਾਬ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਵਿਚ 2 ਸੈਕਰੇਟਰੀ ਲਏ ਜਾਣ ਦੀ ਸੰਭਾਵਨਾ ਹੈ।


Related News