ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Saturday, Apr 13, 2019 - 12:02 AM (IST)

ਅੰਮ੍ਰਿਤਸਰ,(ਦੀਪਕ/ਧਵਨ): ਕਾਂਗਰਸ ਪ੍ਰਧਾਨ ਰਾਹੁਲ ਗਾਧੀ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਪਹੁੰਚ ਗਏ, ਜਿਥੇ ਹਵਾਈ ਅੱਡੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ। ਰਾਹੁਲ ਗਾਂਧੀ ਏਅਰਪੋਰਟ ਤੋਂ ਸਿੱਧੇ ਦਰਬਾਰ ਸਾਹਿਬ ਪਹੁੰਚੇ ਤੇ ਅਕਾਲ ਤਖਤ ਸਾਹਿਬ 'ਤੇ ਮੱਥਾ ਟੇਕਿਆ। ਅੱਜ ਉਹ ਜਲਿਆਂਵਾਲਾ ਬਾਗ ਵਿਖੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਜਲਿਆਂਵਾਲਾ ਬਾਗ ਵਿਖੇ 13 ਅਪ੍ਰੈਲ 1919 ਜਨਰਲ ਐਡਵਾਇਰ ਵਲੋਂ ਭਾਰਤੀ ਲੋਕਾਂ 'ਤੇ ਕੀਤੀ ਗਈ ਫਾਇਰਿੰਗ ਦੀ ਹੌਲਨਾਕ ਘਟਨਾ ਨੂੰ ਵਾਪਰਿਆਂ 100 ਸਾਲ ਪੂਰੇ ਹੋਣ ਜਾ ਰਹੇ ਹਨ, ਜਿਸ ਲਈ ਉਹ ਵਿਸ਼ੇਸ਼ ਤੌਰ 'ਤੇ ਚੋਣ ਪ੍ਰਚਾਰ ਵਿਚਕਾਰ ਛੱਡ ਕੇ ਅੰਮ੍ਰਿਤਸਰ ਵਿਖੇ ਪਹੁੰਚੇ ਹਨ।
ਰਾਹੁਲ ਗਾਂਧੀ ਨਾਲ ਜਲਿਆਂਵਾਲਾ ਬਾਗ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਜਨਰਲ ਸਕੱਤਰ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਸਮੇਤ ਅਨੇਕਾਂ ਕਾਂਗਰਸੀ ਵਿਧਾਇਕ ਅਤੇ ਸੀਨੀਅਰ ਆਗੂ ਸ਼ਾਮਲ ਹੋਣਗੇ। ਰਾਹੁਲ ਗਾਂਧੀ ਦਾ ਕੱਲ ਸਵੇਰੇ ਅੰਮ੍ਰਿਤਸਰ 'ਚ ਡੇਢ ਘੰਟਾ ਰੁਕਣ ਦਾ ਪ੍ਰੋਗਰਾਮ ਹੈ।
ਉਸ ਤੋਂ ਬਾਅਦ ਉਹ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ। ਭਲਕੇ ਉਹ ਕਿਹੜੇ-ਕਿਹੜੇ ਸਮਾਗਮਾਂ 'ਚ ਹਿੱਸਾ ਲੈਂਦੇ ਹਨ, ਇਹ ਦੇਖਣਾ ਹੋਵੇਗਾ।