ਰਾਹੁਲ ਗਾਂਧੀ ਦਾ ਕੌਣ ਹੋਵੇਗਾ ਉਤਰਾਧਿਕਾਰੀ, ਕਾਂਗਰਸ ਦੀ ਰਾਜਨੀਤੀ ''ਚ ਵੱਡਾ ਸਵਾਲ

06/23/2019 6:13:40 PM

ਜਲੰਧਰ (ਚੋਪੜਾ)— ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੱਜ ਆਪਣੀ ਹੋਂਦ ਨੂੰ ਲੈ ਕੇ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ 'ਚ ਪਾਰਟੀ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਅਗਵਾਈ ਦਾ ਹੈ। ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨਗੀ ਦੇ ਅਹੁਦੇ ਨੂੰ ਛੱਡਣ ਨੂੰ ਲੈ ਕੇ ਅੜੇ ਹੋਏ ਹਨ। ਬੀਤੇ ਦਿਨੀਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਨਹੀਂ ਸਗੋਂ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਉਤਰਾਧਿਕਾਰੀ ਸਬੰਧੀ ਫੈਸਲਾ ਕਰੇਗੀ, ਜਿਸ ਉਪਰੰਤ ਅੱਜ ਕਾਂਗਰਸ ਦੀ ਰਾਜਨੀਤੀ 'ਚ ਸਭ ਤੋਂ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਰਾਹੁਲ ਗਾਂਧੀ ਦੇ ਅਸਤੀਫੇ ਦਾ ਕੀ ਹੋਵੇਗਾ। ਕਾਂਗਰਸ ਦਾ ਕਿਹੜਾ ਨੇਤਾ ਉਨ੍ਹਾਂ ਦਾ ਉਤਰਾਧਿਕਾਰੀ ਬਣੇਗਾ ਪਰ ਅੱਜ ਹਰੇਕ ਵੱਡਾ ਨੇਤਾ ਪਾਰਟੀ ਦੀ ਕਮਾਨ ਸੰਭਾਲਣ ਦੀ ਜ਼ਿੰਮੇਵਾਰੀ ਤੋਂ ਕਤਰਾ ਰਿਹਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਰਟੀ ਪ੍ਰਧਾਨ ਬਣ ਕੇ ਵੀ ਉਹ ਸੰਗਠਨ 'ਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੋਂ ਵੱਡੇ ਨਹੀਂ ਹੋ ਸਕਣਗੇ। ਪਾਰਟੀ ਪ੍ਰਧਾਨ ਤਾਂ ਕੋਈ ਨੇਤਾ ਬਣ ਜਾਵੇ ਪਰ ਸੰਗਠਨ ਦੀ ਚਾਬੀ ਗਾਂਧੀ ਪਰਿਵਾਰ ਦੇ ਹੱਥ 'ਚ ਹੀ ਰਹੇਗੀ। ਪਾਰਟੀ ਨੇਤਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਰਾਹੁਲ ਪ੍ਰਧਾਨ ਨਹੀਂ ਵੀ ਰਹਿਣਗੇ ਤਾਂ ਵੀ ਉਨ੍ਹਾਂ ਦੀ ਤਾਕਤ ਸਭ ਤੋਂ ਜ਼ਿਆਦਾ ਹੋਵੇਗੀ। ਇਸ ਲਈ ਉਹ ਖੁਦ ਜ਼ਿੰਮੇਵਾਰੀ ਉਠਾਉਣ ਤੋਂ ਪੱਲਾ ਝਾੜਦੇ ਹੋਏ ਇਹ ਕਹਿਣ ਲਈ ਮਜਬੂਰ ਹਨ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕਾਂਗਰਸ ਨੂੰ ਦੂਜਾ ਕੋਈ ਇਕਜੁੱਟ ਨਹੀਂ ਰੱਖ ਸਕਦਾ ਹੈ। ਇਸ ਲਈ ਰਾਹੁਲ ਨੂੰ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ।

ਉਥੇ ਹੀ ਪਾਰਟੀ ਪ੍ਰਧਾਨ ਰਹੀ ਸੋਨੀਆ ਗਾਂਧੀ ਖੁਦ ਇਸ ਪ੍ਰੇਸ਼ਾਨੀ 'ਚ ਫਸੀ ਹੋਈ ਹੈ ਕਿ ਅੱਜ ਉਹ ਆਪਣੇ ਪੁੱਤਰ ਦੇ ਅਹੁਦਾ ਛੱਡਣ ਦੇ ਫੈਸਲੇ ਦਾ ਸਮਰਥਨ ਕਰੇਗੀ। ਹੁਣ ਕਾਂਗਰਸੀ ਨੇਤਾਵਾਂ ਦੀ ਸਭ ਤੋਂ ਵੱਡੀ ਦੁਵਿਧਾ ਹੈ ਕਿ ਆਖਿਰ 'ਬਿੱਲੀ ਦੇ ਗਲੇ 'ਚ ਟੱਲੀ ਕੌਣ ਬੰਨ੍ਹੇ', ਉਥੇ ਹੀ ਈਮਾਨਦਾਰੀ ਇਕ ਵੱਡੀ ਵਜ੍ਹਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਇਸ ਸੰਕਟ ਦੇ ਦੌਰ ਦੇ ਬਾਵਜੂਦ ਅੱਜ ਤੱਕ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦਾ ਨਾਂ ਐਲਾਨ ਕਰਨ ਤੱਕ 'ਚ ਖੁਦ ਨੂੰ ਅਸਮਰੱਥ ਮਹਿਸੂਸ ਕਰ ਰਹੀ ਹੈ। ਰਾਹੁਲ ਗਾਂਧੀ ਕਿਸੇ ਦਾ ਨਾਂ ਲੈ ਕੇ ਇਹ ਨਹੀਂ ਦਿਖਾਉਣਾ ਚਾਹੁੰਦੇ ਕਿ ਉਨ੍ਹਾਂ ਨੇ 'ਆਪਣਾ ਆਦਮੀ' ਹੀ ਪ੍ਰਧਾਨ ਬਣਾਇਆ ਹੈ। ਹੁਣ ਮੌਜੂਦਾ ਹਾਲਾਤ 'ਚ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਕਾਂਗਰਸ 'ਚ ਪ੍ਰਧਾਨ ਨੂੰ ਲੈ ਕੇ ਮਚੇ ਬਵਾਲ 'ਤੇ ਟਿਕੀਆਂ ਹੋਈਆਂ ਹਨ। ਪਾਰਟੀ ਲਈ ਸਭ ਤੋਂ ਪ੍ਰਮੁੱਖ ਚੁਣੌਤੀ ਪਾਰਟੀ 'ਚ ਪੈਦਾ ਹੋਏ ਇਸ ਸੰਕਟ ਦੇ ਦੌਰ 'ਚੋਂ ਨਿਕਲਣ ਦੀ ਹੋਵੇਗੀ, ਨਹੀਂ ਤਾਂ 2019 ਦੀਆਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਵਰਕਰਾਂ ਦੇ ਡਿੱਗਦੇ ਮਨੋਬਲ ਨੂੰ ਮੁੜ ਤੋਂ ਉਠਾ ਸਕਣਾ ਬਹੁਤ ਮੁਸ਼ਕਲ ਹੋਵੇਗਾ।

PunjabKesari
ਹੁਣ ਕਾਰਜਕਾਰੀ ਪ੍ਰਧਾਨ ਨੂੰ ਲੈ ਕੇ ਅਸ਼ੋਕ ਗਹਿਲੋਤ, ਏ. ਕੇ. ਐਂਟੋਨੀ ਅਤੇ ਮੁਕੁਲ ਵਾਸਨਿਕ ਦੇ ਨਾਵਾਂ 'ਤੇ ਵਿਚਾਰ
ਕਾਂਗਰਸ ਕੋਲ ਅੱਜ ਵੀ ਕੱਦਾਵਰ ਨੇਤਾਵਾਂ ਦੀ ਕੋਈ ਕਮੀ ਨਹੀਂ ਹੈ। ਪਾਰਟੀ 'ਚ ਗੁਲਾਮ ਨਬੀ ਆਜ਼ਾਦ, ਪੀ. ਚਿਦਾਂਬਰਮ, ਅਹਿਮਦ ਪਟੇਲ, ਆਨੰਦ ਸ਼ਰਮਾ, ਪ੍ਰਿਥਵੀ ਰਾਜ ਚਵਾਨ, ਮੁਕੁਲ ਵਾਸਨਿਕ, ਕਪਿਲ ਸਿੱਬਲ, ਦਿਗਵਿਜੇ ਸਿੰਘ, ਜੋਤਿਰਦਿਤਿਯ ਸਿੰਧੀਆ, ਮਿਲਿੰਦ ਦੇਵੜਾ, ਜਿਤਿਨ ਪ੍ਰਸਾਦ, ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਸ਼ਿਵ ਕੁਮਾਰ, ਅਜੇ ਮਾਕਨ ਜਿਹੇ ਤਜਰਬੇਕਾਰ ਚਿਹਰੇ ਮੌਜੂਦ ਹਨ। ਚਾਹੇ ਇਨ੍ਹਾਂ 'ਚੋਂ ਕੁਝ ਨੇਤਾ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਹਾਰ ਗਏ ਹਨ ਪਰ ਉਨ੍ਹਾਂ ਕੋਲ ਪਾਰਟੀ ਅਹੁਦਿਆਂ 'ਤੇ ਰਹਿਣ ਦਾ ਵੱਡਾ ਤਜਰਬਾ ਹੈ। ਇਸ ਤੋਂ ਇਲਾਵਾ ਕਾਂਗਰਸ ਕੋਲ ਮੁੱਖ ਮੰਤਰੀ ਦੇ ਰੂਪ ਵਿਚ 5 ਵੱਡੇ ਚਿਹਰੇ ਵੀ ਹਨ, ਜਿਨ੍ਹਾਂ 'ਚ ਕਮਲਨਾਥ, ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਹਿਲੋਤ, ਭੂਪੇਸ਼ ਬਘੇਲ ਅਤੇ ਵੀ. ਨਾਰਾਇਣਸਾਮੀ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਕੋਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਏ. ਕੇ. ਐਂਟੋਨੀ, ਵੀਰੱਪਾ ਮੋਇਲੀ, ਮਲਿਕਾਰਜੁਨ ਖੜਗੇ, ਸੁਸ਼ੀਲ ਕੁਮਾਰ ਸ਼ਿੰਦੇ, ਅੰਬਿਕਾ ਸੋਨੀ, ਮੋਹਸਿਨਾ ਕਿਦਵਈ, ਸ਼ੀਲਾ ਦੀਕਸ਼ਤ ਵਰਗੇ ਕਈ ਦਿੱਗਜ ਨੇਤਾ ਮੌਜੂਦਾ ਹਨ, ਜੋ ਆਪਣੇ ਸਾਲਾਂ ਦੇ ਤਜਰਬੇ ਦੇ ਆਧਾਰ 'ਤੇ ਸਲਾਹ ਦੇ ਸਕਦੇ ਹਨ ਪਰ ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਜਦੋਂ ਤਕ ਅਗਵਾਈ ਨੂੰ ਲੈ ਕੇ ਹਨੇਰੇ ਦਾ ਬੱਦਲ ਨਹੀਂ ਹਟਦੇ ਉਦੋਂ ਤਕ ਕਾਰਜਕਾਰੀ ਪ੍ਰਧਾਨ ਬਣਾਉਣ ਨੂੰ ਲੈ ਕੇ ਅਸ਼ੋਕ ਗਹਿਲੋਤ, ਏ. ਕੇ. ਐਂਟੋਨੀ ਅਤੇ ਮੁਕੁਲ ਵਾਸਨਿਕ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕਾਂਗਰਸ ਦਾ ਸੰਵਿਧਾਨ ਕੀ ਕਹਿੰਦਾ ਹੈ

ਕਾਂਗਰਸ ਦੇ ਸੰਵਿਧਾਨ ਮੁਤਾਬਕ ਪਾਰਟੀ ਪ੍ਰਧਾਨ ਦੇ ਅਸਤੀਫੇ 'ਤੇ ਪਾਰਟੀ ਦੀ ਕਾਰਜ ਸਮਿਤੀ ਦੀ ਬੈਠਕ 'ਚ ਜਲਦੀ ਤੋਂ ਜਲਦੀ ਚਰਚਾ ਹੋਣੀ ਚਾਹੀਦੀ ਹੈ। ਜਦੋਂ ਤੱਕ ਨਵੇਂ ਪ੍ਰਧਾਨ ਦੀ ਨਿਯੁਕਤੀ ਨਹੀਂ ਹੋ ਜਾਂਦੀ ਉਦੋਂ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਮੈਂਬਰਾਂ ਨੂੰ ਅਹੁਦਾ ਸੰਭਾਲਣਾ ਚਾਹੀਦਾ ਹੈ। ਇਸ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕੋਲ ਸਾਰੇ ਪਾਰਟੀ ਪੈਨਲਾਂ ਨੂੰ ਭੰਗ ਕਰਕੇ ਮੁੜ ਪਾਰਟੀ ਚੋਣਾਂ ਕਰਵਾਉਣ ਲਈ ਬਦਲ ਵੀ ਹੈ।

ਰੰਜਨ ਚੌਧਰੀ ਦੀ ਨੀਤੀ ਨਾਲ ਰਾਹੁਲ ਫਿਰ ਆਲੋਚਕਾਂ ਦੇ ਨਿਸ਼ਾਨੇ 'ਤੇ
ਪੱਛਮੀ ਬੰਗਾਲ ਨਾਲ ਸਬੰਧਤ ਅਧੀਨ ਰੰਜਨ ਚੌਧਰੀ ਨੂੰ ਲੋਕ ਸਭਾ ਵਿਚ ਪਾਰਟੀ ਦੇ ਸੰਸਦੀ ਦਲ ਦਾ ਨੇਤਾ ਬਣਾ ਕੇ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਪਰ ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਰਾਹੁਲ ਗਾਂਧੀ ਇਕ ਵਾਰ ਫਿਰ ਆਲੋਚਕਾਂ ਦੇ ਨਿਸ਼ਾਨੇ 'ਤੇ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਰਾਹੁਲ ਹੁਣ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਬਚਦੇ ਨਜ਼ਰ ਆ ਰਹੇ ਹਨ। ਲੋਕ ਸਭਾ 'ਚ ਪਾਰਟੀ ਨੇਤਾ ਦੀ ਇਕ ਵੱਡੀ ਭੂਮਿਕਾ ਹੁੰਦੀ ਹੈ। ਸਰਕਾਰ ਨਾਲ ਕਈ ਮੁੱਦਿਆਂ 'ਤੇ ਬਹਿਸ ਕਰਨੀ ਪੈਂਦੀ ਹੈ। ਵਿਰੋਧੀ ਪਾਰਟੀ ਦੇ ਨੇਤਾਵਾਂ ਨਾਲ ਅਤੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਕੱਠਿਆਂ ਲੈ ਕੇ ਚੱਲਣਾ ਪੈਂਦਾ ਹੈ। ਉਨ੍ਹਾਂ ਨੂੰ ਸੰਸਦ ਵਿਚ ਮੋਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਮੈਦਾਨ 'ਚ ਆਉਣ ਤੋਂ ਭੱਜਣਾ ਨਹੀਂ ਚਾਹੀਦਾ ਸੀ।


shivani attri

Content Editor

Related News