ਰਾਘਵ ਚੱਢਾ ਦਾ ਕੇਂਦਰ ਨੂੰ ਸਵਾਲ, ਮਹਿੰਗਾਈ ਦੀ ਮਾਰ ਕਿਉਂ ਝੱਲ ਰਿਹੈ ਆਮ ਆਦਮੀ
Saturday, Jul 23, 2022 - 04:47 PM (IST)
ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਸੰਸਦ ’ਚ ਦਾਖਲ ਕੀਤੇ ਗਏ ਸਵਾਲ ਦੇ ਜਵਾਬ ’ਚ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ 6 ਸਾਲਾਂ ’ਚ ਸਰਕਾਰ ਨੇ 16 ਲੱਖ ਕਰੋੜ ਤੋਂ ਵੱਧ ਐਕਸਾਈਜ਼ ਡਿਊਟੀ ਇਕੱਠੀ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੋਂ ਲੱਖਾਂ-ਕਰੋੜਾਂ ਦੀ ਐਕਸਾਈਜ਼ ਡਿਊਟੀ ਇਕੱਠੀ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਆਮ ਜਨਤਾ ਨੂੰ 100 ਰੁਪਏ ਪ੍ਰਤੀ ਲਿਟਰ ਪੈਟਰੋਲ ਦੇ ਰਹੀ ਹੈ ਅਤੇ ਨਾਲ ਹੀ ਜਨਤਾ ਨੂੰ ਮਹਿੰਗਾ ਦੁੱਧ, ਦਹੀਂ ਅਤੇ ਆਟਾ ਖਰੀਦਣਾ ਪੈ ਰਿਹਾ ਹੈ। ਮਹਿੰਗਾਈ ਦਾ ਬੋਝ ਤਾਂ ਕੇਂਦਰ ਸਰਕਾਰ ਦੇ ਕਾਰਨ ਜਨਤਾ ’ਤੇ ਪਿਆ ਹੋਇਆ ਹੈ। ਰਾਘਵ ਚੱਢਾ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਪੈਟਰੋਲੀਅਮ ਉਤਪਾਦਾਂ ਤੋਂ ਐਕਸਾਈਜ਼ ਡਿਊਟੀ ਵਜੋਂ ਲੱਖਾਂ-ਕਰੋੜਾਂ ਰੁਪਏ ਹਾਸਲ ਹੋ ਰਹੇ ਹਨ ਤਾਂ ਉਸ ਸਥਿਤੀ ’ਚ ਜਨਤਾ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ ’ਤੇ ਐਕਸਾਈਜ਼ ਡਿਊਟੀ ’ਚ ਹੋਰ ਕਮੀ ਕਿਉਂ ਨਹੀਂ ਕੀਤੀ ਹੈ। ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਦੀ ਨੀਅਤ ਮਹਿੰਗਾਈ ਨੂੰ ਕਾਬੂ ਕਰਨ ਦੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜੱਥੇਦਾਰ ਦੇ ਬਿਆਨ 'ਤੇ ਛਿੜਿਆ ਸਿਆਸੀ ਘਮਸਾਨ, ਰਵਨੀਤ ਬਿੱਟੂ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
ਉਨ੍ਹਾਂ ਕਿਹਾ ਕਿ ਇਕੱਲੇ ਪੈਟਰੋਲ ਅਤੇ ਡੀਜ਼ਲ ਤੋਂ ਜਦੋਂ ਸਰਕਾਰ ਨੂੰ ਲੱਖਾਂ-ਕਰੋੜਾਂ ਰੁਪਏ ਮਿਲ ਰਹੇ ਹਨ ਤਾਂ ਉਹ ਪੈਟਰੋਲ ਅਤੇ ਡੀਜ਼ਲ ਸਸਤਾ ਕਰ ਕੇ ਮਾਲ-ਭਾੜੇ ’ਚ ਕਮੀ ਲਿਆ ਸਕਦੀ ਸੀ, ਇਸ ਨਾਲ ਅਨਾਜ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਆਪਣੇ-ਆਪ ਹੀ ਘੱਟ ਹੋ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਸਰਕਾਰ ਦੀ ਨੀਅਤ ਸਾਫ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਮਾਮਲੇ ’ਚ ਉਨ੍ਹਾਂ ਦੀ ਪਾਰਟੀ ਕੇਂਦਰ ਸਰਕਾਰ ਨੂੰ ਘੇਰਦੀ ਰਹੇਗੀ।
ਪੰਜਾਬ ’ਚ ਜਿੱਤ ਤੋਂ ਬਾਅਦ ਭਾਜਪਾ ਨੇ ਸਾਰੀਆਂ ਏਜੰਸੀਆਂ ‘ਆਪ’ ਨੇਤਾਵਾਂ ਪਿੱਛੇ ਲਗਾਈਆਂ
ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਵੇਂ-ਜਿਵੇਂ ਦੇਸ਼ ’ਚ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ, ਉਸ ਨਾਲ ਭਾਜਪਾ ਦੀ ਨੀਂਦ ਉੱਡਦੀ ਜਾ ਰਹੀ ਹੈ। ਉਨ੍ਹਾਂ ਟਵੀਟ ’ਚ ਲਿਖਿਆ ਕਿ ਪੰਜਾਬ ਦੀ ਜਿੱਤ ਤੋਂ ਬਾਅਦ ਭਾਜਪਾ ਨੇ ਆਪਣੀਆਂ ਸਾਰੀਆਂ ਏਜੰਸੀਆਂ ਨੂੰ ‘ਆਪ’ ਨੇਤਾਵਾਂ ਦੇ ਪਿੱਛੇ ਲਗਾ ਦਿੱਤਾ ਹੈ। ਪਹਿਲਾਂ ਵੀ ਦੇਸ਼ ਦੀ ਹਰ ਏਜੰਸੀ ਕੋਲੋਂ ਸਾਡੀ ਜਾਂਚ ਕਰਵਾ ਲਈ ਅਤੇ ਅੱਗੇ ਵੀ 1000 ਵਾਰ ਅਜਿਹਾ ਕਰ ਕੇ ਕੇਂਦਰ ਸਰਕਾਰ ਕਰਵਾ ਕੇ ਦੇਖ ਲਵੇ ਕਿਉਂਕਿ ਅਖੀਰ ’ਚ ਜਿੱਤ ਤਾਂ ਸਾਡੀ ਹੀ ਹੋਣੀ ਹੈ।
ਇਹ ਵੀ ਪੜ੍ਹੋ : ਸਿੱਖਿਆ ਦਾ ਖ਼ੇਤਰ ਥਕਾਉਣ ਵਾਲਾ ਨਹੀਂ ਸਗੋਂ ਮਜ਼ੇਦਾਰ : ਵਿਰਾਜ ਉਦੈ ਸਿੰਘ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।