ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ‘ਆਪ’ ਦੀ ਕਾਰਜਸ਼ੈਲੀ ’ਤੇ ਚੁੱਕੇ ਸਵਾਲ
Wednesday, Apr 19, 2023 - 01:36 AM (IST)
ਜਲੰਧਰ (ਚੋਪੜਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ‘ਆਪ’ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਦਲਾਅ ਦੇ ਵਾਅਦੇ ਨੂੰ ਦੇਖਦੇ ਹੋਏ ‘ਆਪ’ ਭਾਰੀ ਬਹੁਮਤ ਦੇ ਕੇ ਸੂਬੇ ਦੀ ਸੱਤਾ ’ਤੇ ਕਾਬਜ਼ ਕੀਤਾ ਸੀ ਤਾਂ ਜੋ ਇਹ ਸੂਬੇ ’ਚ ਨਵੀਂ ਸੋਚ ਤੇ ਨਵੀਂ ਤਬਦੀਲੀ ਲਿਆਉਣਗੇ ਪਰ 1 ਸਾਲ ਦੇ ਕਾਰਜਕਾਲ ’ਚ ਹੀ ਸਰਕਾਰ ਪੂਰੀ ਤਰ੍ਹਾਂ ਫਲਾਪ ਹੋ ਗਈ ਹੈ ਕਿਉਂਕਿ ਅੱਜ ਤੱਕ ਨਾ ਤਾਂ ਕੋਈ ਵਾਅਦਾ ਪੂਰਾ ਹੋਇਆ ਹੈ ਤੇ ਨਾ ਹੀ ਕੋਈ ਬਦਲਾਅ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ
ਰਾਜਾ ਵੜਿੰਗ ਨੇ ਭਗਵੰਤ ਮਾਨ ਨੂੰ ਫੇਲ੍ਹ ਮੁੱਖ ਮੰਤਰੀ ਤੇ ਫੇਲ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ 3 ਮਹੀਨੇ ਬਾਅਦ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹਾਰ ਗਈ ਸੀ ਤੇ ਹੁਣ ਜਲੰਧਰ ਦੀ ਉਪ ਚੋਣ ਹਾਰਨ ਜਾ ਰਹੀ ਹੈ। ਰਾਜਾ ਵੜਿੰਗ ਜੋ ਅੱਜ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਮੌਂਟੀ ਸਹਿਗਲ ਨੂੰ ਮੁੜ ਕਾਂਗਰਸ ’ਚ ਸ਼ਾਮਲ ਕਰਨ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਕ ਸਾਲ ਬਾਅਦ ਵੀ ‘ਆਪ’ ਨੂੰ ਜਲੰਧਰ ’ਚ ਉਪ ਚੋਣ ਲੜਨ ਲਈ ਕੋਈ ਉਮੀਦਵਾਰ ਤੇ ਵਾਲੰਟੀਅਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ‘ਆਪ’ ਉਮੀਦਵਾਰ ਨਾਲ ਕੀ ਡੀਲ ਹੋਈ ਪਰ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਪੂਰੀ ਤਰ੍ਹਾਂ ਨਿਰਾਸ਼ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਵੀ ਇਨਸਾਫ਼ ਲਈ ਤਰਸ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਿੱਧੂ ਦੇ ਪਿਤਾ ‘ਆਪ’ ਖ਼ਿਲਾਫ਼ ਪ੍ਰਚਾਰ ਕਰਨ ਲਈ ਜਲੰਧਰ ਆਉਂਦੇ ਹਨ ਤਾਂ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਜਾ ਸਕੇ, ਇਥੋਂ ਤੱਕ ਕਿ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਲਈ 66,000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੂਬਾ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਜ਼ਿਲਾ ਕਾਂਗਰਸ ਦੇ ਸੀਨੀ. ਮੀਤ ਪ੍ਰਧਾਨ ਅਸ਼ਵਨ ਭੱਲਾ, ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਹਨੀ ਜੋਸ਼ੀ ਆਦਿ ਵੀ ਹਾਜ਼ਰ ਸਨ।