ਦੀਪ ਸਿੱਧੂ ਦੀ ਜਥੇਬੰਦੀ ''ਵਾਰਿਸ ਪੰਜਾਬ ਦੇ'' ਦਾ ਪ੍ਰਧਾਨ ਬਣੇ ਅੰਮ੍ਰਿਤਪਾਲ ਸਿੰਘ ਦੀ ਨਿਯੁਕਤੀ ’ਤੇ ਉੱਠੇ ਸਵਾਲ

Monday, Sep 12, 2022 - 02:17 AM (IST)

ਦੀਪ ਸਿੱਧੂ ਦੀ ਜਥੇਬੰਦੀ ''ਵਾਰਿਸ ਪੰਜਾਬ ਦੇ'' ਦਾ ਪ੍ਰਧਾਨ ਬਣੇ ਅੰਮ੍ਰਿਤਪਾਲ ਸਿੰਘ ਦੀ ਨਿਯੁਕਤੀ ’ਤੇ ਉੱਠੇ ਸਵਾਲ

ਜਲੰਧਰ (ਪੁਨੀਤ) : ਕਿਸਾਨ ਮੋਰਚੇ ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਬਣਾਉਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਉਪਰੰਤ ਜਥੇਬੰਦੀ ਦਾ ਪ੍ਰਧਾਨ ਬਣੇ ਅੰਮ੍ਰਿਤਪਾਲ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਸਵਾਲਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਬੀਰ ਦਵਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ’ਤੇ ਕਈ ਸਨਸਨੀਖੇਜ਼ ਦੋਸ਼ ਲਾਏ ਹਨ ਤੇ ਇਨ੍ਹਾਂ ਦਾ ਜਵਾਬ ਮੰਗਿਆ ਹੈ।

ਆਪਣੇ ਸਾਥੀਆਂ ਨਾਲ ਦੋਸ਼ ਲਾਉਂਦਿਆਂ ਬੀਰ ਦਵਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਸਵੈ-ਘੋਸ਼ਿਤ ਪ੍ਰਧਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਜੋ ਲੈਟਰ ਹੈੱਡ ਸੰਗਤ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ, ਉਸ ਨੂੰ ਪੁਖਤਾ ਕਰਾਰ ਦੇਣ ਦਾ ਕੋਈ ਸਬੂਤ ਨਹੀਂ ਹੈ। ਇਸ ਲੈਟਰ ਹੈੱਡ ’ਤੇ ਜਥੇਬੰਦੀ ਦੇ ਮੈਂਬਰਾਂ ਦੇ ਦਸਤਖਤ ਅਤੇ ਸਟੈਂਪ ਵੀ ਦਿਖਾਈ ਨਹੀਂ ਦੇ ਰਹੀ। ਇਹ ਇਕ ਸਾਜ਼ਿਸ਼ ਤਹਿਤ ਖੁਦ ਨੂੰ ਪ੍ਰਧਾਨ ਸਾਬਤ ਕਰਨ ਦਾ ਇਕ ਪ੍ਰੋਪੇਗੰਡਾ ਹੈ। ਬੀਰ ਦਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਸ ਵਾਇਰਲ ਵੀਡੀਓ ’ਚ ਕਹਿ ਰਹੇ ਹਨ ਕਿ ਦੀਪ ਸਿੱਧੂ ਨੇ ਆਪਣੀ ਮੌਤ ਤੋਂ 15 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਨੂੰ ਬਲਾਕ ਕਰ ਦਿੱਤਾ ਸੀ, ਫਿਰ ਉਹ ਪ੍ਰਧਾਨ ਕਿਵੇਂ ਬਣ ਸਕਦਾ ਹੈ?

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖਾਂ ਨੂੰ ਖ਼ਤਰਾ! ਬੋਲੇ- ਇੱਥੇ ਸਾਡੇ ਲਈ ਕੋਈ ਥਾਂ ਨਹੀਂ

ਦੋਸ਼ ਲਾਏ ਗਏ ਹਨ ਕਿ 29 ਜਨਵਰੀ ਨੂੰ ਦੀਪ ਸਿੱਧੂ ਵੱਲੋਂ ਬਲਾਕ ਕੀਤੇ ਜਾਣ ’ਤੇ ਅੰਮ੍ਰਿਤਪਾਲ ਸਿੰਘ ਨੇ 30 ਜਨਵਰੀ ਨੂੰ ‘ਵਾਰਿਸ ਪੰਜਾਬ ਦੇ’ ਨਾਂ ਨਾਲ ਸੋਸ਼ਲ ਮੀਡੀਆ ’ਤੇ ਇਕ ਦੂਜਾ ਪੇਜ ਤਿਆਰ ਕੀਤਾ, ਜੋ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਹੋ ਗਈ ਅਤੇ 20 ਫਰਵਰੀ ਨੂੰ ਦੀਪ ਸਿੱਧੂ ਦੇ ਅਧਿਕਾਰਤ ਪੇਜ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਬਣਾਏ ਗਏ ਪੇਜ ਨੂੰ ਸ਼ੇਅਰ ਕੀਤਾ ਗਿਆ, ਜੋ ਕਿ ਵੱਡਾ ਸਵਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਤ ਦੇ ਸਮੇਂ ਦੀਪ ਸਿੱਧੂ ਦਾ ਮੋਬਾਈਲ ਗੁੰਮ ਹੋ ਗਿਆ ਸੀ ਤਾਂ ਅਜਿਹੇ ’ਚ ਦੀਪ ਸਿੱਧੂ ਦੇ ਪੇਜ ਤੋਂ ਦੂਜੇ ਪੇਜ ਨੂੰ ਸ਼ੇਅਰ ਕੀਤੇ ਜਾਣ ਸਬੰਧੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪਾਕਿ ਪੱਤਰਕਾਰ ਨੇ ਕੀਤਾ ਖੁਲਾਸਾ- ਹੜ੍ਹਾਂ ਵਿਚਾਲੇ ਪਾਕਿਸਤਾਨੀ ਪੰਜਾਬ ਦਾ CM ਕਰ ਰਿਹਾ ਸ਼ਾਹੀ ਖਰਚ

ਬੀਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਅੰਮ੍ਰਿਤਪਾਲ ਸਿੰਘ ਇਕ ਸਾਜ਼ਿਸ਼ ਤਹਿਤ ਖੁਦ ਨੂੰ ਪ੍ਰਧਾਨ ਦੱਸ ਰਿਹਾ ਹੈ। ਦੀਪ ਸਿੱਧੂ ਵੱਲੋਂ ਇਕ 16 ਮੈਂਬਰੀ ਕਮੇਟੀ ਬਣਾਈ ਗਈ ਸੀ, ਅੰਮ੍ਰਿਤਪਾਲ ਸਿੰਘ ਦੱਸੇ ਕਿ ਇਨ੍ਹਾਂ 16 ਮੈਂਬਰਾਂ ’ਚੋਂ ਕਿੰਨੇ ਮੈਂਬਰਾਂ ਨੇ ਉਸ ਨੂੰ ਪ੍ਰਧਾਨ ਬਣਾਉਣ ਲਈ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ ’ਤੇ ਸੂਬੇ ’ਚ ਸੋਗ ਦੀ ਲਹਿਰ ਦੌੜ ਗਈ ਸੀ ਅਤੇ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਦੇ ਭੋਗ ’ਤੇ ਆਏ ਸਨ | ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਧਿਰ ਨੇ ਕਿਹਾ ਕਿ ਇਕ ਕੇਸ ਕਾਰਨ ਉਹ ਨਹੀਂ ਆ ਸਕੇ। ਦਵਿੰਦਰ ਸਿੰਘ ਨੇ ਕਿਹਾ ਕਿ ਉਹ ਅਜੇ ਤੱਕ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਅੱਗੇ ਕਿਉਂ ਨਹੀਂ ਆ ਰਹੇ।

ਇਹ ਵੀ ਪੜ੍ਹੋ : FBI ਨੇ 9.8 ਮਿਲੀਅਨ ਡਾਲਰ ਦੀ ਡਰੱਗ ਤਸਕਰੀ ਦੇ ਸਰਗਣਾ ਨੂੰ ਕੀਤਾ ਗ੍ਰਿਫ਼ਤਾਰ

ਇਸ ਮੌਕੇ ਮੰਗ ਕੀਤੀ ਗਈ ਕਿ ਅੰਮ੍ਰਿਤਪਾਲ ਸਿੰਘ ਆਪਣੇ ਪੰਜ ਸਾਥੀਆਂ ਨਾਲ ਸੰਗਤ ਦੇ ਸਾਹਮਣੇ ਪੇਸ਼ ਹੋਣ ਅਤੇ ਬੀਰ ਦਵਿੰਦਰ ਵੀ ਸਾਥੀਆਂ ਸਮੇਤ ਪੁੱਜਣਗੇ। ਉਹ ਬੰਦ ਕਮਰੇ ’ਚ ਕੋਈ ਮੀਟਿੰਗ ਨਹੀਂ ਕਰਨਾ ਚਾਹੁੰਦਾ। ਸੰਗਤ ਦੇ ਸਾਹਮਣੇ ਦੋਵੇਂ ਧਿਰਾਂ ਆਪਣੀ ਗੱਲ ਰੱਖਣ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਦੌਰਾਨ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਅਤੇ ਜਥੇਬੰਦੀ ਦੇ ਕੰਮਾਂ ਨੂੰ ਲੈ ਕੇ ਦੀਪ ਸਿੱਧੂ ਦੀਆਂ ਖਾਹਿਸ਼ਾਂ ਨੂੰ ਪੂਰਾ ਨਾ ਕਰਨ ਬਾਰੇ ਦੱਸਿਆ ਗਿਆ। ਉਥੇ ਹੀ ਇਸ ਸਬੰਧੀ ਅੰਮ੍ਰਿਤਪਾਲ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News