ਭਗਵੰਤ ਮਾਨ ਦੇ ਸਵਾਲ ਕਾਰਨ 'ਰਾਜਾ ਵੜਿੰਗ' ਦੀ ਵਿਧਾਨ ਸਭਾ 'ਚ ਕਿਰਕਿਰੀ, ਹਾਸੋਹੀਣਾ ਬਣਿਆ ਮਾਹੌਲ
Tuesday, Mar 22, 2022 - 02:13 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਜਿਹਾ ਸਵਾਲ ਕੀਤਾ, ਜਿਸ ਦਾ ਜਵਾਬ ਨਾ ਦੇਣ ਕਾਰਨ ਉਨ੍ਹਾਂ ਦੀ ਸਦਨ 'ਚ ਕਿਰਕਿਰੀ ਹੋਈ। ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ 23 ਮਾਰਚ ਨੂੰ ਪੂਰੇ ਪੰਜਾਬ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖ਼ਰੀ ਦਿਨ, ਵਿੱਤ ਮੰਤਰੀ ਪੇਸ਼ ਕਰਨਗੇ 3 ਮਹੀਨੇ ਦਾ ਬਜਟ
ਇਸ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦਾ ਐਲਾਨ ਕਰਨਾ ਹੀ ਸਿਰਫ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਸਕੂਲਾਂ, ਕਾਲਜਾਂ 'ਚ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਦੱਸਿਆ ਜਾਵੇ ਤਾਂ ਬਿਹਤਰ ਹੋਵੇਗਾ। ਇਸ 'ਤੇ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਕੀ ਤੁਹਾਨੂੰ ਇਹ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਕਦੋਂ ਹੁੰਦਾ ਹੈ।
ਇਹ ਵੀ ਪੜ੍ਹੋ : ਧੂਰੀ 'ਚ ਖ਼ੌਫ਼ਨਾਕ ਵਾਰਦਾਤ, ਮੋਟਰ ਵਾਲੇ ਕੋਠੇ 'ਚ ਕਹੀ ਨਾਲ ਵੱਢ ਮੌਤ ਦੇ ਘਾਟ ਉਤਾਰਿਆ ਬਜ਼ੁਰਗ
ਇਸ ਸਵਾਲ ਦਾ ਜਵਾਬ ਰਾਜਾ ਵੜਿੰਗ ਨਹੀਂ ਦੇ ਸਕੇ, ਜਿਸ ਤੋਂ ਬਾਅਦ ਪੂਰੇ ਸਦਨ ਅੰਦਰ ਮਾਹੌਲ ਹਾਸੋਹੀਣਾ ਹੋ ਗਿਆ। ਭਗਵੰਤ ਮਾਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 28 ਸਤੰਬਰ ਨੂੰ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ 'ਚ ਉਨ੍ਹਾਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ
ਭਗਵੰਤ ਮਾਨ ਨੇ ਕਿਹਾ ਕਿ 23 ਮਾਰਚ ਦੀ ਛੁੱਟੀ ਇਸ ਲਈ ਕੀਤੀ ਗਈ ਤਾਂ ਜੋ ਵਿਦਿਆਰਥੀ ਹੁਸੈਨੀਵਾਲਾ ਜਾਂ ਖਟਕੜ ਕਲਾਂ ਜਾ ਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ