ਪੰਜਾਬ 'ਚ ਸੀਮਿਤ ਸਟਾਫ ਨਾਲ ਕੱਲ੍ਹ ਤੋਂ ਬਹਾਲ ਹੋਣਗੇ ਸੇਵਾ ਕੇਂਦਰ

Thursday, May 07, 2020 - 06:22 PM (IST)

ਪੰਜਾਬ 'ਚ ਸੀਮਿਤ ਸਟਾਫ ਨਾਲ ਕੱਲ੍ਹ ਤੋਂ ਬਹਾਲ ਹੋਣਗੇ ਸੇਵਾ ਕੇਂਦਰ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਗ੍ਰਹਿ ਵਿਭਾਗ ਵਲੋਂ ਦਿੱਤੇ ਨਿਰਦੇਸ਼ਾਂ ਦੀ ਦਿਸ਼ਾ 'ਚ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਸ੍ਰੀਮਤੀ ਵਿਨੀ ਮਹਾਜਨ ਨੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕਰਦਿਆਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 8 ਮਈ (ਸ਼ੁੱਕਰਵਾਰ) ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾ ਕੇਂਦਰਾਂ ਨੂੰ ਮੁੜ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਨਹੀਂ ਰੁਕ ਰਹੀ ਕੋਰੋਨਾ ਦੀ ਰਫਤਾਰ, ਫਤਿਹਗੜ੍ਹ ਸਾਹਿਬ ’ਚ ਇਕ ਹੋਰ ਕੇਸ ਆਇਆ ਸਾਹਮਣੇ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਅੱਜ ਇਥੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਮੁੜ ਖੋਲ੍ਹਣ ਦੇ ਆਦੇਸ਼ ਦਿੱਤੇ ਹਨ ਜਿਹੜੇ ਕੋਵਿਡ-19 ਮਹਾਮਾਰੀ ਦੌਰਾਨ ਕਰਫਿਊ/ਲਾਕਡਾਊਨ ਦੇ ਚੱਲਦਿਆਂ ਬੰਦ ਕਰ ਦਿੱਤੇ ਸਨ।  ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਵੱਖ-ਵੱਖ ਜੀ 2 ਸੀ ਅਤੇ ਬੀ 2 ਸੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਇਹ ਸੇਵਾ ਕੇਂਦਰ ਪੰਜਾਬ ਦੀਆਂ ਇਕੱਤਰ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਕੇਂਦਰ ਹਨ ਅਤੇ ਇਹ ਕੱਲ੍ਹ ਤੋਂ ਮੁੜ ਖੁੱਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰਿਆਂ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰ 'ਚ ਇਨ੍ਹਾਂ ਨੂੰ ਖੋਲ੍ਹਣ ਦੀ ਇਕਸਾਰ ਕਾਰਜ ਵਿਧੀ (ਐਸ.ਓ.ਪੀ.) ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੋਵਿਡ-19 ਦੌਰਾਨ ਇਨ੍ਹਾਂ ਸੇਵਾ ਕੇਂਦਰਾਂ ਵਿਖੇ ਆਉਣ ਵਾਲੇ ਨਾਗਰਿਕਾਂ ਅਤੇ ਇਨ੍ਹਾਂ ਕੇਂਦਰਾਂ 'ਚ ਕੰਮ ਕਰ ਰਹੇ ਸਟਾਫ਼ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤੀ ਇਕ ਵਿਸਥਾਰਤ ਐਡਵਾਇਜ਼ਰੀ ਦਾ ਪਾਲਣ ਕੀਤਾ ਜਾਵੇ।  

ਇਹ ਵੀ ਪੜ੍ਹੋ: ਵੱਡੀ ਵਾਰਦਾਤ: ਪਟਿਆਲਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ

ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ਦਾ ਕੰਮ ਪੜਾਅਵਾਰ ਢੰਗ ਨਾਲ ਮੁੜ ਸ਼ੁਰੂ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਕੁੱਲ 516 ਸੇਵਾ ਕੇਂਦਰਾਂ 'ਚੋਂ 467 ਕੇਂਦਰ ਖੋਲ੍ਹੇ ਜਾਣਗੇ, ਜਿਨ੍ਹਾਂ 'ਚ ਸੀਮਿਤ ਸਟਾਫ਼ ਨਾਲ ਕੁੱਲ 217 'ਚੋਂ 153 ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਅਸਲੇ ਅਤੇ ਵਿਆਹ ਰਜਿਸਟ੍ਰੇਸ਼ਨ ਨਾਲ ਸਬੰਧਤ ਸੇਵਾਵਾਂ ਦੂਜੇ ਪੜਾਅ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ।

ਸ੍ਰੀਮਤੀ ਮਹਾਜਨ ਨੇ ਅੱਗੇ ਦੱਸਿਆ ਕਿ ਉਪਲਬਧ ਸੇਵਾਵਾਂ ਦੀ ਸੂਚੀ https: // dgrpg.punjab.gov.in/ 'ਤੇ ਵੀ ਵੇਖੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ। ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕੋਈ ਵੀ ਨਾਗਰਿਕ ਉਪਲਬਧ ਸੇਵਾਵਾਂ ਲੈਣ ਲਈ ਜਾ ਸਕਦਾ ਹੈ ਜਦੋਂ ਕਿ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਵਾਜਬ ਮੁਲਾਕਾਤ ਹਾਸਲ ਅਤੇ ਕਰਫਿਊ ਪਾਸ ਵਾਲੇ ਲੋਕਾਂ ਨੂੰ ਹੀ ਇੱਥੋਂ ਸੇਵਾ ਦਾ ਲਾਭ ਲੈਣ ਦੀ ਆਗਿਆ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਲਾਕਾਤ ਕੋਵਾ ਪੰਜਾਬ ਮੋਬਾਈਲ ਐਪ, ਐਮਸੇਵਾ ਰਾਹੀਂ ਲਈ ਜਾ ਸਕਦੀ ਹੈ। ਵਿਸਥਾਰਤ ਐਸ.ਓ.ਪੀ. https: // dgrpg.punjab.gov.in/ 'ਤੇ ਵੇਖਿਆ ਜਾ ਸਕਦਾ ਹੈ।


author

Shyna

Content Editor

Related News