10ਵੀਂ ਦਾ ਨਤੀਜਾ: ਮੁਹੰਮਦ ਆਰਿਫ਼ ਕਪੂਰਥਲਾ ਜ਼ਿਲ੍ਹੇ ’ਚੋਂ ਪਹਿਲੇ ਤੇ ਪ੍ਰਭਜੋਤ ਕੌਰ ਦੂਜੇ ਸਥਾਨ ’ਤੇ ਰਹੀ
Wednesday, Jul 06, 2022 - 06:34 PM (IST)
 
            
            ਕਪੂਰਥਲਾ (ਮੱਲ੍ਹੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਦਿਅਕ ਸੈਸ਼ਨ 2021-22 ਦੌਰਾਨ ਦਸਵੀਂ ਜਮਾਤ ਦੀਆਂ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਦਾ ਬੀਤੇ ਦਿਨ ਸਾਲਾਨਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਕਪੂਰਥਲਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਪੰਜਾਬ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਸਾਲਾਨਾ ਨਤੀਜੇ ਬਹੁਤ ਸ਼ਾਨਦਾਰ ਆਏ ਹਨ ਅਤੇ ਦਸਵੀਂ ਜਮਾਤ ਦੇ ਓਵਰਆਲ ਨਤੀਜੇ ’ਚ ਜ਼ਿਲ੍ਹਾ ਕਪੂਰਥਲਾ, ਪੰਜਾਬ ਦੀ ਮੈਰਿਟ ਸੂਚੀ ’ਚ ਪੰਜਵੇਂ ਸਥਾਨ ’ਤੇ ਰਿਹਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਮੁਦੋਵਾਲ (ਕਪੂਰਥਲਾ) ਦੇ ਵਦਿਆਰਥੀ ਮੁਹੰਮਦ ਆਰਿਫ਼ ਪੁੱਤਰ ਮੁਹੰਮਦ ਰਫੀ ਸੋਨੀ ਨੇ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆਵਾਂ ਦੇ ਕੁੱਲ 650 ’ਚੋਂ 636 ਅੰਕ (97.85 ਪ੍ਰਤੀਸ਼ਤ) ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਜਿੱਥੇ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਥੇ ਸਰਕਾਰੀ ਹਾਈ ਸਕੂਲ ਦਿਆਲਪੁਰ (ਕਪੂਰਥਲਾ) ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਅਸ਼ੋਕ ਕੁਮਾਰ ਨੇ ਕੁਲ 650 ’ਚੋਂ 630 ਅੰਕ (96.92 ਪ੍ਰਤੀਸ਼ਤ) ਲੈ ਕੇ ਕਿਲੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਸਲਾਨਾ ਨਤੀਜੇ ਦੀ ਸਿਰਫ਼ ਪੰਜਾਬ ਅਤੇ ਜ਼ਿਲ੍ਹਾ ਪੱਧਰੀ ਅੱਵਲ ਰਹੇ ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਅਤੇ ਓਵਰਆਲ ਦਸਵੀਂ ਦਾ ਸਲਾਨਾ ਨਤੀਜਾ ਬੋਰਡ ਵੱਲੋਂ ਬੁੱਧਵਾਰ ਨੂੰ ਜਾਰੀ ਕੀਤਾ ਗਿਆ।
ਵਿਦਿਆਰਥੀ ਮੁਹੰਮਦ ਆਰਿਫ਼ ਸੋਨੀ ਆਈ. ਟੀ. ਪ੍ਰੋਫ਼ੈਸ਼ਨਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ
ਵਿਦਿਅਕ ਸੈਸ਼ਨ 2021-22 ਦੌਰਾਨ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ’ਚੋਂ ਜ਼ਿਲ੍ਹਾ ਪੱਧਰ ਉੱਤੇ 97.85 ਫ਼ੀਸਦੀ ਅੰਕ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਸਰਕਾਰੀ ਹਾਈ ਸਮਾਰਟ ਸਕੂਲ ਮੁਦੋਵਾਲ (ਕਪੂਰਥਲਾ) ਦਾ ਵਿਦਿਆਰਥੀ ਮੁਹੰਮਦ ਆਰਿਫ਼ ਸੋਨੀ ਪੁੱਤਰ ਮੁਹੰਮਦ ਰਫੀਕ ਸੋਨੀ ਨੇ ਜੱਗ ਬਾਣੀ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਆਈ ਟੀ ਪ੍ਰੋਫ਼ੈਸ਼ਨਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ, ਜਿਸ ਲਈ ਉਹ ਸਖ਼ਤ ਮਿਹਨਤ ਕਰੇਗਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ। ਪੇਸ਼ੇ ਪੱਖੋਂ ਅਧਿਆਪਕਾ ਮਾਂ ਸਮੀਮ ਬੀਬੀ ਅਤੇ ਪਿਤਾ ਐਡਵੋਕੇਟ ਮੁਹੰਮਦ ਰਫ਼ੀਕ ਸੋਨੀ ਦੇ ਹੋਣਹਾਰ ਫਰਜੰਦ ਮੁਹੰਮਦ ਆਰਿਫ਼ ਸੋਨੀ ਦੇ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਜ਼ਿਲ੍ਹਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਦੀ ਜਦੋਂ ਖ਼ਬਰ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਖ਼ੁਸ਼ੀ ਵਿੱਚ ਖੀਵੇ ਹੋਏ ਵਿਦਿਆਰਥੀ ਮੁਹੰਮਦ ਆਰਿਫ਼ ਸੋਨੀ ਦਾ ਉਨ੍ਹਾਂ ਦੇ ਮਾਪਿਆਂ ਨੇ ਮੂੰਹ ਮਿੱਠਾ ਕਰਵਾਇਆ ਅਤੇ ਆਪਣੇ ਹੋਣਹਾਰ ਪੁੱਤਰ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਅਤੇ ਆਪਣੇ ਸੁਫ਼ਨੇ ਪੂਰੇ ਕਰਨ ਦਾ ਅਸ਼ੀਰਵਾਦ ਦਿੱਤਾ।  

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਜੱਜ ਬਣਨਾ ਚਾਹੁੰਦੀ ਹੈ ਪ੍ਰਭਜੋਤ ਕੌਰ
ਵਿੱਦਿਅਕ ਸੈਸ਼ਨ 2021-22 ਦੌਰਾਨ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ (ਕਪੂਰਥਲਾ) ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਅਸ਼ੋਕ ਕੁਮਾਰ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਉਚੇਰੀ ਪੜ੍ਹਾਈ ਕਰਕੇ ਨਿਆਪਲਿਕਾ ’ਚ ਜੱਜ ਬਣਨਾ ਚਾਹੁੰਦੀ ਹੈ, ਜਿਸ ਲਈ ਉਹ ਸਖਤ ਮਿਹਨਤ ਕਰੇਗੀ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗੀ। ਪ੍ਰਭਜੋਤ ਕੌਰ ਦੇ ਦਸਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ’ਚੋਂ ਜ਼ਿਲ੍ਹੇ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਦੀ ਜਦੋਂ ਖ਼ਬਰ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਵਿਦਿਆਰਥਣ ਪ੍ਰਭਜੋਤ ਕੌਰ ਦੇ ਪਿਤਾ ਅਸ਼ੋਕ ਕੁਮਾਰ, ਮਾਤਾ ਬਲਵਿੰਦਰ ਕੌਰ ਨੇ ਆਪਣੀ ਹੋਣਹਾਰ ਬੇਟੀ ਪ੍ਰਭਜੋਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦਾ ਉਚੇਰੀ ਸਿੱਖਿਆ ਹਾਸਲ ਕਰਕੇ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਲਿਆ। ਪ੍ਰਭਜੋਤ ਕੌਰ ਦੇ ਪਿਤਾ ਅਸ਼ੋਕ ਕੁਮਾਰ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਘਰੇਲੂ ਗ੍ਰਹਿਣੀ ਹੈ, ਜਿਨ੍ਹਾਂ ਨੇ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਭਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਕੋ-ਇਕ ਸੁਫ਼ਨਾ ਹੈ ਕਿ ਉਨ੍ਹਾਂ ਦੀ ਧੀ ਖੂਬ ਪਡ਼੍ਹੇ ਤੇ ਸਾਡੇ ਅਧੂਰੇ ਸੁਫ਼ਨੇ ਪੂਰੇ ਕਰੇ।

ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            