ਸੰਕਟ ਦੀ ਘੜੀ 'ਚ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਪੰਜਾਬ: ਆਸ਼ੂ

Thursday, Apr 23, 2020 - 02:38 AM (IST)

ਸੰਕਟ ਦੀ ਘੜੀ 'ਚ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਪੰਜਾਬ: ਆਸ਼ੂ

ਚੰਡੀਗੜ੍ਹ\ਜਲੰਧਰ,( )- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਗੂ ਲਾਕਡਾਊਨ ਦੋਰਾਨ ਦੇਸ਼ ਵਾਸੀਆਂ ਨੂੰ ਖੁਰਾਕ ਸੁਰੱਖਿਆ ਦੇਣ 'ਚ ਪੰਜਾਬ ਰਾਜ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਦੇਸ਼ ਦੇ ਅਬਾਦੀ ਦਾ ਢਿੱਡ ਭਰਨ ਲਈ ਅੱਜ ਪੰਜਾਬ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤ ਵੱਖ-ਵੱਖ ਗੁਦਾਮਾਂ ਤੋਂ ਰਿਕਾਰਡ 50 ਵਿਸ਼ੇਸ਼ ਮਾਲ ਗੱਡੀਆਂ ਰਾਹੀਂ 1.25 ਲੱਖ ਮੀਟ੍ਰਿਕ ਟਨ ਕਣਕ ਤੇ ਚੌਲ ਭੇਜੇ ਗਏ ਹਨ। ਭੇਜੇ ਗਏ ਅਨਾਜ 'ਚ 1,02,500 ਮੀਟ੍ਰਿਕ ਟਨ ਚੌਲ ਅਤੇ 22,500 ਮੀਟ੍ਰਿਕ ਟਨ ਕਣਕ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਲਾਕਡਾਊਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਪੰਜਾਬ ਰਾਜ ਵਿਚੋਂ 759 ਸਪੈਸ਼ਲ ਟਰੇਨਾਂ ਰਾਹੀਂ 13.5 ਲੱਖ ਮੀਟ੍ਰਿਕ ਟਨ ਚਾਵਲ ਅਤੇ 5.47 ਲੱਖ ਮੀਟ੍ਰਿਕ ਟਨ ਕਣਕ ਦੂਸਰੇ ਰਾਜਾਂ ਨੂੰ ਭੇਜੀ ਜਾ ਚੁੱਕੀ ਹੈ।
ਸ਼੍ਰੀ ਆਸ਼ੂ ਨੇ ਪੰਜਾਬ ਨੂੰ ਸਪੈਸ਼ਲ ਟਰੇਨਾਂ ਦੇਣ ਲਈ ਐਫ.ਸੀ.ਆਈ. ਦੇ ਸੀ.ਐਮ.ਡੀ. ਸ੍ਰੀ ਡੀ. ਵੀ. ਪ੍ਰਸਾਦ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਪੈਸ਼ਲ ਟਰੇਨਾਂ ਰਾਹੀਂ ਭੇਜੇ ਗਏ ਅਨਾਜ ਸਦਕੇ ਜਿੱਥੇ ਲੋਕਾਂ ਨੂੰ ਲਾਕਡਾਊਨ ਦੋਰਾਨ ਭਰ ਪੇਟ ਭੋਜਨ ਮਿਲੇਗਾ ਉਸ ਦੇ ਨਾਲ ਹੀ ਪੰਜਾਬ ਰਾਜ ਦੇ ਚਾਵਲ ਗੁਦਾਮਾਂ ਦੀ ਸਟੋਰੇਜ ਦੀ ਵੀ ਸਮੱਸਿਆ ਹੱਲ ਹੋ ਜਾਵੇਗੀ।
ਉਨ੍ਹਾ ਕਿਹਾ ਕਿ ਜੁਲਾਈ 2020 ਤੱਕ ਪੰਜਾਬ ਰਾਜ ਦੇ ਚਾਵਲ ਗੁਦਾਮਾਂ 'ਚ 38 ਲੱਖ ਮੀਟ੍ਰਿਕ ਟਨ ਚਾਵਲ ਲੱਗ ਜਾਵੇਗਾ।ਸ਼੍ਰੀ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਮਾਲ ਗੱਡੀਆਂ 'ਚ ਅਨਾਜ ਦੀ ਲਦਾਈ ਮੌਕੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਗਈ।


author

Bharat Thapa

Content Editor

Related News