ਬੱਸਾਂ ਦਾ 8 ਲੱਖ ਦਾ ਕੰਮ 12 ਲੱਖ 'ਚ ਕਿਉਂ? ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਪੁੱਛੇ ਜਾ ਸਕਦੇ ਨੇ ਸਵਾਲ

Tuesday, May 10, 2022 - 11:16 AM (IST)

ਚੰਡੀਗੜ੍ਹ (ਰਮਨਜੀਤ) : ਪਿਛਲੀ ਕਾਂਗਰਸ ਸਰਕਾਰ ਵਿਚ ਚਰਚਿਤ ਰਹੇ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਸਰਕਾਰੀ ਅਦਾਰੇ ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਬੇੜੇ ਵਿਚ ਸ਼ਾਮਲ ਕੀਤੀਆਂ ਗਈਆਂ ਬੱਸਾਂ ਦੇ ਮਾਮਲੇ ਦੀ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਂਚ ਕਰਾਉਣ ਦਾ ਹੁਕਮ ਦੇ ਦਿੱਤਾ ਹੈ। ਭੁੱਲਰ ਦਾ ਕਹਿਣਾ ਹੈ ਕਿ ਬੱਸਾਂ ਦੀ ਖ਼ਰੀਦ ਅਤੇ ਪੰਜਾਬ ਤੋਂ ਬਾਹਰ ਦੂਜੇ ਸੂਬੇ ਵਿਚ ਬੱਸਾਂ ਦੀ ਬਾਡੀ ਲਗਵਾਉਣ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਧਿਕਾਰੀਆਂ ਨੂੰ ਜਾਂਚ ਦਾ ਹੁਕਮ ਦੇ ਦਿੱਤਾ ਹੈ ਅਤੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੇੜੇ ਵਿਚ ਸ਼ਾਮਲ ਹੋਈਆਂ ਇਨ੍ਹਾਂ 825 ਬੱਸਾਂ ਬਾਰੇ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਮੁਲਾਜ਼ਮ ਅਤੇ ਅਧਿਕਾਰੀ ਜਿੱਥੇ ਇਨ੍ਹਾਂ ਬੱਸਾਂ ’ਤੇ ਲੱਗੀ ਬਾਡੀ ਵਿਚ ਨੁਕਸ ਦੱਸ ਰਹੇ ਹਨ, ਉਥੇ ਹੀ ਕੁੱਝ ਸ਼ਿਕਾਇਤਾਂ ਇਨ੍ਹਾਂ ਬੱਸਾਂ ਦੀ ਖ਼ਰੀਦ ਵਿਚ ਗੜਬੜੀ ਸਬੰਧੀ ਵੀ ਮਿਲੀਆਂ ਹਨ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ 'ਚ ਮੁੱਖ ਮੰਤਰੀ ਦਾ ਟਵੀਟ, 'ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

ਮੰਤਰੀ ਭੁੱਲਰ ਨੇ ਕਿਹਾ ਕਿ ਇਸ ਗੱਲ ’ਤੇ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਇਨ੍ਹਾਂ ਬੱਸਾਂ ਦੀ ਬਾਡੀ ਰਾਜਸਥਾਨ ਦੇ ਜੈਪੁਰ ਦੀ ਇਕ ਫਰਮ ਤੋਂ ਲਗਵਾਈ ਗਈ ਹੈ, ਜਦੋਂ ਕਿ ਪੰਜਾਬ ਅਤੇ ਗੁਆਂਢੀ ਸੂਬਾ ਹਰਿਆਣਾ ਵਿਚ ਬਹੁਤ ਸਾਰੇ ਬਸ ਬਾਡੀ ਬਿਲਡਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦੀ ਬਾਡੀ ਰਾਜਸਥਾਨ ਤੋਂ ਤਕਰੀਬਨ 12 ਲੱਖ ਰੁਪਏ ਦੇ ਖ਼ਰਚ ’ਤੇ ਲਗਵਾਈ ਗਈ ਹੈ, ਉਹੀ ਬਾਡੀ ਪੰਜਾਬ ਵਿਚ ਕੰਮ ਕਰਨ ਵਾਲੇ 8-9 ਲੱਖ ਰੁਪਏ ਵਿਚ ਲਗਾਉਣ ਲਈ ਤਿਆਰ ਹਨ। ਮੰਤਰੀ ਭੁੱਲਰ ਨੇ ਕਿਹਾ ਕਿ ਇੰਝ ਹੀ ਕਈ ਹੋਰ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਜਾਂਚ ਵਿਚ ਹਰ ਤੱਥ ਦੀ ਪਰਖ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਜਾਂਚ ਵਿਚ ਸ਼ਾਮਲ ਕਰਕੇ ਪੁੱਛਗਿਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਫਸੇ ਸਿਮਰਜੀਤ ਬੈਂਸ ਨੂੰ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ

ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਸੱਚੀ ਪਾਈ ਗਈ ਤਾਂ ਫਿਰ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕਾਨੂੰਨ ਲਈ ਕੋਈ ਮੰਤਰੀ ਅਤੇ ਅਧਿਕਾਰੀ ਵੱਡਾ ਨਹੀਂ ਹੁੰਦਾ। ਕੁੱਝ ਥਾਵਾਂ ’ਤੇ ਸਰਕਾਰੀ ਬੱਸਾਂ ਤੇਲ ਨਾ ਹੋਣ ਕਾਰਣ ਖੜ੍ਹੀਆਂ ਹੋਣ ਬਾਰੇ ਪੁੱਛੇ ਗਏ ਸਵਾਲ ’ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸਲ ਵਿਚ ਕਈ ਥਾਵਾਂ ’ਤੇ ਸਟਾਫ਼ ਦੀ ਕਮੀ ਹੈ, ਜਿਸ ਨੂੰ ਛੇਤੀ ਪੂਰਾ ਕਰ ਦਿੱਤਾ ਜਾਵੇਗਾ ਅਤੇ ਬੱਸਾਂ ਸੜਕਾਂ ’ਤੇ ਚੱਲਣਗੀਆਂ ਕਿਉਂਕਿ ਪੈਸੇ ਦੀ ਕੋਈ ਸਮੱਸਿਆ ਨਹੀਂ ਹੈ। ਪੀ. ਆਰ. ਟੀ. ਸੀ. ਨੂੰ ਔਰਤਾਂ ਦੇ ਮੁਫ਼ਤ ਸਫਰ ਦੀ ਰਾਸ਼ੀ ਬਕਾਇਆ ਹੋਣ ਕਾਰਣ ਹੋ ਰਹੀ ਪਰੇਸ਼ਾਨੀ ਸਬੰਧੀ ਵੀ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਵੀ ਛੇਤੀ ਹੀ ਜਾਰੀ ਹੋ ਜਾਵੇਗੀ।

ਇਹ ਵੀ ਪੜ੍ਹੋ : 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਚੱਲਦੀ ਟਰੇਨ 'ਚੋਂ ਡਿੱਗੀ ਬਜ਼ੁਰਗ ਜਨਾਨੀ, 4 ਘੰਟੇ ਝਾੜੀਆਂ 'ਚ ਬੇਹੋਸ਼ ਪਈ ਰਹੀ
ਲੋਕਾਂ ਵਲੋਂ ਨਕਾਰੇ ਹੋਏ ਸ਼ਖਸ ਨਾਲ ਵੀ ਮਿਲਦੇ ਨੇ ਸਾਡੇ ਸੀ. ਐੱਮ., ਇਹੀ ਬਦਲਾਅ ਹੈ : ਭੁੱਲਰ
ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਵਿਚਕਾਰ ਮੁਲਾਕਾਤ ਨੂੰ ਲੈ ਕੇ ਗਰਮਾਈ ਸਿਆਸੀ ਬਿਆਨਬਾਜ਼ੀ ਦੇ ਮਾਹੌਲ ’ਤੇ ਟਿੱਪਣੀ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਦੇ ਨੇਤਾਵਾਂ ਦਾ ਕੋਈ ਵੀ ਇਕ ਸਟੈਂਡ ਨਹੀਂ ਹੈ। ਕੋਈ ਬਿਆਨ ਦੇ ਰਿਹਾ ਹੈ ਕਿ ਇਕ ਮਹੀਨੇ ਤੋਂ ਸਮਾਂ ਮੰਗ ਰਹੇ ਸਨ ਤਾਂ ਜਾ ਕੇ ਨਵਜੋਤ ਸਿੰਘ ਸਿੱਧੂ ਨੂੰ ਸੀ. ਐੱਮ. ਭਗਵੰਤ ਮਾਨ ਨੂੰ ਤੋਂ ਸਮਾਂ ਮਿਲਿਆ ਹੈ, ਕੋਈ ਕਹਿ ਰਿਹਾ ਹੈ ਕਿ ਰਾਜਪਾਲ ਨੂੰ ਮਿਲੇ ਸਨ ਅਤੇ ਉਸੇ ਕਾਰਣ ਸੀ. ਐੱਮ. ਮਾਨ ਨੇ ਸਿੱਧੂ ਨੂੰ ਬੁਲਾਇਆ ਹੈ। ਭੁੱਲਰ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਦਲਾਅ ਦੀ ਸਰਕਾਰ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਵਰਗੇ ਇਕ ਹਾਰੇ ਅਤੇ ਨਕਾਰੇ ਹੋਏ ਸ਼ਖਸ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਮਿਲਣ ਲਈ ਸਮਾਂ ਦੇ ਰਹੇ ਹਨ, ਜੋ ਸਿਸਟਮ ਵਿਚ ਬਦਲਾਅ ਦਾ ਪ੍ਰਤੀਕ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News