ਪੰਜਾਬ ਪੁਲਸ ਵੱਲੋਂ ਇਕ ਹਫ਼ਤੇ 'ਚ 41 ਕਿੱਲੋ ਹੈਰੋਇਨ ਸਣੇ ਹੋਰ ਨਸ਼ੇ ਬਰਾਮਦ, ਕੁੱਲ 623 ਗ੍ਰਿਫ਼ਤਾਰੀਆਂ

Monday, Jan 16, 2023 - 04:38 PM (IST)

ਪੰਜਾਬ ਪੁਲਸ ਵੱਲੋਂ ਇਕ ਹਫ਼ਤੇ 'ਚ 41 ਕਿੱਲੋ ਹੈਰੋਇਨ ਸਣੇ ਹੋਰ ਨਸ਼ੇ ਬਰਾਮਦ, ਕੁੱਲ 623 ਗ੍ਰਿਫ਼ਤਾਰੀਆਂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ  ਨਸ਼ਿਆਂ ਖ਼ਿਲਾਫ਼ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਸ ਨੇ ਪਿਛਲੇ ਹਫ਼ਤੇ ਸੂਬੇ ਭਰ ’ਚ ਐਨ. ਡੀ. ਪੀ. ਐਸ. ਐਕਟ ਤਹਿਤ 194 ਐੱਫ. ਆਈ. ਆਰਜ਼ ਦਰਜ ਕੀਤੀਆਂ। ਇਨ੍ਹਾਂ 'ਚ 31 ਵਪਾਰਕ ਮਾਮਲੇ ਹਨ ਅਤੇ 258 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਜਨਰਲ ਆਫ਼ ਪੁਲਸ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਕੋਲੋਂ 41.26 ਕਿੱਲੋ ਹੈਰੋਇਨ, 13.55 ਕਿੱਲੋ ਅਫ਼ੀਮ, 53.25 ਕਿੱਲੋ ਗਾਂਜਾ, 4.81 ਕੁਇੰਟਲ ਭੁੱਕੀ ਅਤੇ 5.28 ਲੱਖ ਫਾਰਮਾ ਓਪੀਓਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 20.48 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : ਸਮਰਾਲਾ 'ਚ ਮਰੀ ਗਾਂ ਕਾਰਨ ਵਾਪਰਿਆ ਭਿਆਨਕ ਹਾਦਸਾ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ

ਉਨ੍ਹਾਂ ਦੱਸਿਆ ਕਿ  5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚੱਲਦਿਆਂ ਪਿਛਲੇ ਹਫ਼ਤੇ ਦੌਰਾਨ ਐੱਨ. ਡੀ. ਪੀ. ਐੱਸ. ਕੇਸਾਂ 'ਚ 15 ਹੋਰ  ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 623 ਹੋ ਗਈ ਹੈ। ਆਈ. ਜੀ. ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਅਤੇ 176 ਐੱਫ. ਆਈ. ਆਰਜ਼. ਦਰਜ ਕਰਕੇ ਚੀਨੀ ਡੋਰ ਦੇ 10269 ਬੰਡਲ ਬਰਾਮਦ ਕੀਤੇ ਹਨ ਅਤੇ ਇਸ ਡੋਰ ਨੂੰ ਵੇਚਣ ਵਿੱਚ ਸ਼ਾਮਲ 188 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਸ ਚਾਈਨਾ ਡੋਰ ਨੂੰ ਖਰੀਦਣ/ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਯੂਨੀਵਰਸਿਟੀ ਦੇ VC ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ 'ਚ ਖ਼ਾਸ ਤੌਰ ‘ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਿਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਕਿਸੇ ਕੋਲੋਂ ਮਾਮੂਲੀ ਮਾਤਰਾ 'ਚ ਹੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੋਵੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀ. ਜੀ. ਪੀ. ਨੇ ਸਾਰੇ ਸੀ. ਪੀਜ਼./ਐੱਸ. ਐੱਸ. ਪੀਜ਼. ਨੂੰ ਸਖ਼ਤੀ ਨਾਲ ਹੁਕਮ ਦਿੱਤੇ ਹਨ ਕਿ ਉਨ੍ਹਾਂ ਸਾਰੇ ਹਾਟ ਸਪਾਟਸ ਦੀ ਸ਼ਨਾਖਤ ਕੀਤੀ ਜਾਵੇ, ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਨਾਲ ਸਬੰਧਿਤ ਸਾਰੇ ਚੋਟੀ ਦੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਨ੍ਹਾਂ ਪੁਲਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜ੍ਹੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਨਾਜਾਇਜ਼ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News