ਪੰਜਾਬ ਪੁਲਸ ਤੋਂ ਡਰਿਆ ਸੈਰ-ਸਪਾਟਾ ਵਿਭਾਗ

Saturday, Aug 10, 2019 - 03:25 PM (IST)

ਪੰਜਾਬ ਪੁਲਸ ਤੋਂ ਡਰਿਆ ਸੈਰ-ਸਪਾਟਾ ਵਿਭਾਗ

ਚੰਡੀਗੜ੍ਹ (ਅਸ਼ਵਨੀ) : ਕੁਝ ਸਾਲ ਪਹਿਲਾਂ ਪੰਜਾਬ ਸੈਰ-ਸਪਾਟਾ ਵਿਭਾਗ ਨੇ ਕਪੂਰਥਲੇ ਦੇ ਜਿਸ ਭੂਤ ਬੰਗਲੇ ਦੀ ਕਾਇਆਕਲਪ ਕਰਨ ਦੀ ਯੋਜਨਾ ਬਣਾਈ ਸੀ, ਉਹ ਹੁਣ ਵਿਚਕਾਰ ਲਟਕ ਗਈ ਹੈ। ਸੈਰ-ਸਪਾਟਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੰਗਲੇ 'ਤੇ ਪੁਲਸ ਦਾ ਕਬਜ਼ਾ ਹੋਣ ਕਾਰਨ ਯੋਜਨਾ ਮੁਕੰਮਲ ਨਹੀਂ ਹੋ ਸਕਦੀ ਹੈ। ਵਿਭਾਗ ਨੇ ਬਕਾਇਦਾ ਇਸ ਸਬੰਧ 'ਚ ਰਿਪੋਰਟ ਤਿਆਰ ਕਰਕੇ ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ. ਡੀ. ਬੀ.) ਨੂੰ ਵੀ ਭੇਜ ਦਿੱਤੀ ਹੈ। ਇਸ ਬੰਗਲੇ ਦੀ ਹਿਫਾਜ਼ਤ ਏ. ਡੀ. ਬੀ. ਦੇ ਵਿੱਤੀ ਸਹਿਯੋਗ ਨਾਲ ਕੀਤੀ ਜਾਣੀ ਸੀ। ਏਸ਼ੀਅਨ ਡਿਵੈੱਲਪਮੈਂਟ ਬੈਂਕ ਪ੍ਰਦੇਸ਼ ਦੇ ਸੈਰ-ਸਪਾਟੇ ਖੇਤਰ 'ਚ ਢਾਂਚਾਗਤ ਵਿਕਾਸ ਲਈ ਵਿੱਤੀ ਸਹਿਯੋਗ ਦੇ ਰਿਹਾ ਹੈ। ਇਸ ਵਿੱਤੀ ਸਹਿਯੋਗ ਦੇ ਤੀਜੇ ਪੜਾਅ 'ਚ ਪ੍ਰਦੇਸ਼ ਦੀਆਂ ਕਈ ਵਿਰਾਸਤੀ ਇਮਾਰਤਾਂ ਦੀ ਹਿਫਾਜ਼ਤ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ 'ਚ ਕਪੂਰਥਲਾ ਦਾ ਭੂਤ ਬੰਗਲਾ ਮਲਤਬ ਗੁਲਾਬੀ ਕੋਠੀ ਅਤੇ ਬੱਘੀ ਖਾਨਾ ਦਾ ਪ੍ਰਸਤਾਵ ਵੀ ਸ਼ਾਮਿਲ ਹੈ ਪਰ ਦੋਵੇਂ ਇਮਾਰਤਾਂ ਪੁਲਸ ਦੇ ਅਧੀਨ ਹੋਣ ਕਾਰਨ ਪੂਰਾ ਮਾਮਲਾ ਖਟਾਈ 'ਚ ਪੈ ਗਿਆ ਹੈ। ਵਿਭਾਗ ਨੇ ਬੈਂਕ ਨੂੰ ਭੇਜੀ ਰਿਪੋਰਟ 'ਚ ਕਿਹਾ ਹੈ ਕਿ ਜਦੋਂ ਤੱਕ ਭੂਤ ਬੰਗਲਾ ਅਤੇ ਬੱਘੀ ਖਾਨਾ ਪੰਜਾਬ ਪੁਲਸ ਅਤੇ ਹੋਮ ਗਾਡਰਸ ਅਧੀਨ ਹੈ, ਤਦ ਤੱਕ ਇਨ੍ਹਾਂ ਇਮਾਰਤਾਂ ਦੀ ਹਿਫਾਜ਼ਤ ਨਹੀਂ ਹੋ ਸਕਦੀ ਹੈ। ਪੰਜਾਬ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ ਅਨੁਸਾਰ ਵਿਭਾਗ ਨੇ ਕਪੂਰਥਲਾ 'ਚ ਕਲੋਨੀਅਲ ਹੈਰੀਟੇਜ ਤਹਿਤ ਗੁਲਾਬੀ ਕੋਠੀ, ਬੱਘੀ ਖਾਨਾ ਅਤੇ ਗੋਲ ਕੋਠੀ ਦੀ ਹਿਫਾਜ਼ਤ ਦਾ ਪ੍ਰਸਤਾਵ ਤਿਆਰ ਕੀਤਾ ਸੀ ਪਰ ਵਿਭਾਗ ਨੂੰ ਸਿਰਫ ਗੋਲ ਕੋਠੀ ਦਾ ਹੀ ਕਬਜ਼ਾ ਮਿਲ ਸਕਿਆ ਹੈ। ਇਸ ਤਰ੍ਹਾਂ ਵਿਭਾਗ ਨੇ ਗੋਲ ਕੋਠੀ ਦੀ ਰੈਨੋਵੇਸ਼ਨ ਦਾ ਕੰਮ ਅਲਾਟ ਕਰ ਦਿੱਤਾ ਗਿਆ ਅਤੇ ਗੁਲਾਬੀ ਕੋਠੀ ਅਤੇ ਬੱਘੀ ਖਾਨਾ ਨੂੰ ਫਿਲਹਾਲ ਪੈਂਡਿੰਗ ਲਿਸਟ 'ਚ ਪਾ ਦਿੱਤਾ ਗਿਆ ਹੈ।

ਕਦੇ ਸ਼ਾਹੀ ਖਾਨਦਾਨ ਦਾ ਨਿਵਾਸ ਸੀ ਭੂਤ ਬੰਗਲਾ
ਕਪੂਰਥਲਾ ਦਾ ਭੂਤ ਬੰਗਲਾ ਕਦੇ ਮਹਾਰਾਜਾ ਕਪੂਰਥਲੇ ਦੇ ਸ਼ਾਹੀ ਪਰਿਵਾਰ ਦਾ ਘਰ ਸੀ। ਬਟਵਾਰੇ ਤੋਂ ਪਹਿਲਾਂ ਕੁਝ ਸਾਲ ਤੱਕ ਇਹ ਆਰਮੀ ਹੈੱਡਕੁਆਰਟਰ ਰਿਹਾ ਜਦੋਂਕਿ ਬਾਅਦ 'ਚ ਇਹ ਸਟੇਟ ਗੈੱਸਟ ਹਾਊਸ ਦੇ ਤੌਰ 'ਤੇ ਇਸਤੇਮਾਲ ਕੀਤਾ ਗਿਆ। ਮੌਜੂਦਾ ਸਮੇਂ 'ਚ ਇਸ ਦਾ ਕੁੱਝ ਹਿੱਸਾ ਪੰਜਾਬ ਹੋਮ ਗਾਰਡਸ ਦੇ ਅਧੀਨ ਹੈ। ਇਮਾਰਤ 'ਚ ਕਿਸੇ ਵੀ ਤਰ੍ਹਾਂ ਦਾ ਨੀਂਹ ਪੱਥਰ ਨਾ ਹੋਣ ਕਾਰਨ ਇਸ ਦੇ ਨਿਰਮਾਣ ਦੀ ਕੋਈ ਤਾਰੀਖ ਨਹੀਂ ਮਿਲਦੀ ਹੈ ਪਰ ਇਮਾਰਤ ਦੇ ਨਿਰਮਾਣ 'ਚ ਜੋ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ, ਉਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਹ ਇਮਾਰਤ ਮਹਾਰਾਜਾ ਫਤਹਿ ਸਿੰਘ ਆਹਲੂਵਾਲੀਆ ਤੋਂ ਪਹਿਲਾਂ ਨਿਰਮਿਤ ਨਹੀਂ ਹੋਈ ਹੋਵੇਗੀ। ਮਹਾਰਾਜਾ ਫਤਹਿ ਸਿੰਘ ਨੇ 1833 'ਚ ਗੋਲ ਕੋਠੀ ਦਾ ਨਿਰਮਾਣ ਕਰਵਾਇਆ ਸੀ, ਉਥੇ ਹੀ ਬੱਘੀ ਖਾਨੇ ਦਾ ਨਿਰਮਾਣ 1874-90 'ਚ ਕੀਤਾ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਭੂਤ ਬੰਗਲੇ ਦਾ ਨਿਰਮਾਣ ਵੀ 1833 ਤੋਂ 1890 'ਚ ਹੀ ਹੋਇਆ ਹੋਵੇਗਾ।

PunjabKesariਸਾਬਕਾ ਰਾਸ਼ਟਰਪਤੀ ਸਵ. ਡਾ. ਗਿਆਨੀ ਜ਼ੈਲ ਦੀ ਯਾਦਗਾਰ ਦਾ ਪ੍ਰਸਤਾਵ ਤਿਆਰ
ਤੀਜੇ ਪੜਾਅ ਦੀਆਂ ਕੁਝ ਯੋਜਨਾਵਾਂ ਵਿਚਕਾਰ ਲਟਕਣ ਕਾਰਨ ਸੈਰ-ਸਪਾਟਾ ਵਿਭਾਗ ਨੇ ਨਵੇਂ ਪ੍ਰਸਤਾਵ ਵੀ ਤਿਆਰ ਕੀਤੇ ਹਨ। ਇਨ੍ਹਾਂ 'ਚ ਸਾਬਕਾ ਰਾਸ਼ਟਰਪਤੀ ਸਵ. ਡਾਕਟਰ ਗਿਆਨੀ ਜ਼ੈਲ ਦੀ ਯਾਦਗਾਰ ਫਰੀਦਕੋਟ ਜੇਲ ਦੇ ਪੁਰਾਣੇ ਬੈਰਕ ਸਮੇਤ ਪਟਿਆਲਾ ਦੀ ਮਹਿੰਦਰਾ ਕੋਠੀ ਦੀ ਹਿਫਾਜ਼ਤ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਵਿਭਾਗ ਨੇ ਇਸ ਸਬੰਧ 'ਚ ਏਸ਼ੀਅਨ ਡਿਵੈੱਲਪਮੈਂਟ ਬੈਂਕ ਨੂੰ ਇਨਿਸ਼ੀਅਲ ਇਨਵਾਇਰਨਮੈਂਟਲ ਐਗਜ਼ਾਮੀਨੇਸ਼ਨ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਹੈ। ਫਰੀਦਕੋਟ ਜੇਲ ਦੇ ਪੁਰਾਣੇ ਬੈਰਕ 'ਚ ਆਜ਼ਾਦੀ ਲੜਾਈ ਦੌਰਾਨ ਸਾਬਕਾ ਰਾਸ਼ਟਰਪਤੀ ਸਵ. ਡਾ. ਗਿਆਨੀ ਜ਼ੈਲ ਨੂੰ 1938-43 ਤੱਕ 5 ਸਾਲ ਕੈਦ 'ਚ ਰੱਖਿਆ ਗਿਆ ਸੀ। ਮੌਜੂਦਾ ਸਮੇਂ 'ਚ ਇਹ ਬੈਰਕ ਬੇਹੱਦ ਖਸਤਾ ਹਾਲਤ 'ਚ ਹੈ। ਇਸ ਕੜੀ 'ਚ, ਪਟਿਆਲਾ ਰਿਆਸਤ ਦੀ ਵਿਰਾਸਤ ਮਹਿੰਦਰਾ ਕੋਠੀ ਨੂੰ ਰਾਖਵਾਂ ਕਰਕੇ ਬਿਹਤਰ ਸੈਰ-ਸਪਾਟਾ ਕੇਂਦਰ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਹ ਕੋਠੀ ਪਟਿਆਲੇ ਦੇ ਛੇਵੇਂ ਮਹਾਰਾਜਾ ਮਹਿੰਦਰ ਸਿੰਘ ਨੇ ਬਣਵਾਈ ਸੀ। ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜਪਾਟ ਸੰਭਾਲਣ ਤੋਂ ਪਹਿਲਾਂ ਤੱਕ ਇਹ ਉਨ੍ਹਾਂ ਦਾ ਨਿੱਜੀ ਘਰ ਸੀ। ਇਹ ਕੋਠੀ ਪੰਜਾਬ ਪੁਰਾਤੱਤਵ ਵਿਭਾਗ ਅਧੀਨ ਸੁਰੱਖਿਅਤ ਵਿਰਾਸਤ ਦੀ ਸੂਚੀ 'ਚ ਸ਼ਾਮਲ ਹੈ ਪਰ ਵਕਤ ਦੇ ਨਾਲ ਇਸ ਦੀ ਇਮਾਰਤ ਕਾਫ਼ੀ ਖਸਤਾ ਹੋ ਚੁੱਕੀ ਹੈ। ਇਸ ਲਈ ਵਿਭਾਗ ਨੇ ਇਸ ਦੀ ਮੁਰੰਮਤ ਦੇ ਨਾਲ-ਨਾਲ ਇੱਥੇ ਮੈਡਲ ਗੈਲਰੀ, ਪੁਰਾਣੇ ਸਿੱਕਿਆਂ ਦੀ ਗੈਲਰੀ ਬਣਾਉਣ ਦਾ ਖਾਕਾ ਤਿਆਰ ਕੀਤਾ ਹੈ।


author

Anuradha

Content Editor

Related News